ਗੁਰਮੀਤ ਨੱਤ, ਬਡਰੁੱਖਾਂ : ਪਿੰਡ ਉੱਭਾਵਾਲ ਵਿਖੇ ਕਰੀਬ ਦਹਾਕਾ ਪਹਿਲਾਂ ਦਾਨ ਦਿੱਤੀ ਜ਼ਮੀਨ ਵਿਚ ਸਕੂਲ ਦੀ ਇਮਾਰਤ ਨਾਲ ਬਣਨ ਦੇ ਰੋਸ ਵਜੋਂ ਸੋਮਵਾਰ ਸਮੁੱਚੀ ਪੰਚਾਇਤ ਵੱਲੋਂ ਧਰਨਾ ਦਿੱਤਾ ਗਿਆ।

ਪਿੰਡ ਦੀ ਸਰਪੰਚ ਅਮਰਜੀਤ ਕੌਰ, ਪੰਚ ਸ਼ਿੰਦਰਪਾਲ, ਸੁਖਦੇਵ ਸਿੰਘ, ਨਿਰਭੈ ਸਿੰਘ, ਸਤਿਨਾਮ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਉਮੀਦ ਨਾਲ ਪੰਚਾਇਤ ਨੇ ਕੇਂਦਰੀ ਵਿਦਿਆਲੇ ਨੂੰ ਇਮਾਰਤ ਲਈ ਜ਼ਮੀਨ ਦਾਨ ਦਿੱਤੀ ਸੀ। ਇਸ ਤੋਂ ਬਾਅਦ ਪਿੰਡ ਦੇ ਪ੍ਰਰਾਇਮਰੀ ਸਕੂਲ 'ਚ ਕੇਂਦਰੀ ਵਿਦਿਆਲਿਆ ਚਲਾ ਦਿੱਤਾ ਗਿਆ ਪਰ ਦਾਨ ਕੀਤੀ ਜ਼ਮੀਨ ਇਕ ਤਰ੍ਹਾਂ ਲਾਵਾਰਿਸ ਹੋ ਗਈ। ਉਨ੍ਹਾਂ ਦੱਸਿਆ ਸਬੰਧਤ ਜ਼ਮੀਨ 'ਤੇ ਹੁਣ ਲੋਕਾਂ ਨੇ ਕਬਜ਼ਾ ਕਰਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਦਕਿ ਪ੍ਰਰਾਇਮਰੀ ਸਕੂਲ ਦੀ ਇਮਾਰਤ 'ਚ ਬੱਚੇ ਤੰਗ ਹੋ ਰਹੇ ਹਨ। ਉਨ੍ਹਾਂ ਦੱਸਿਆ ਅਨੇਕ ਅਪੀਲਾਂ ਤੇ ਦਲੀਲਾਂ ਤੋਂ ਬਾਅਦ ਆਖ਼ਰ ਅੱਜ ਪੰਚਾਇਤ ਨੂੰ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਜ਼ਮੀਨ 'ਤੇ ਇਮਾਰਤ ਦੀ ਉਸਾਰੀ ਨਾ ਸ਼ੁਰੂ ਕਰਵਾਈ ਗਈ ਤਾਂ ਉਹ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਣਗੇ। ਸੇਵਾ ਮੁਕਤ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 11 ਸਾਲ ਪਹਿਲਾਂ ਦਾਨ ਦਿੱਤੀ ਕਰੋੜਾਂ ਰੁਪਏ ਦੀ ਜ਼ਮੀਨ ਦੀ ਸਹੀ ਵਰਤੋਂ ਕਰਨ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ। ਇਸ ਮੌਕੇ ਪੰਚ ਪਰਮਜੀਤ ਕੌਰ, ਸੁਖਵੀਰ ਕੌਰ, ਹਰਵਿੰਦਰ ਕੌਰ, ਗੁਰਮੀਤ ਕੌਰ ਤੇ ਸਿਮਰਨਜੀਤ ਕੌਰ ਹਾਜ਼ਰ ਸਨ।

- ਐੱਸਡੀਐੱਮ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ

ਪੰਚਾਇਤ ਵੱਲੋਂ ਧਰਨੇ 'ਤੇ ਬੈਠਣ ਦੀ ਸੂਹ ਮਿਲਦਿਆਂ ਹੀ ਐੱਸਡੀਐੱਮ ਸੰਗਰੂਰ ਅਮਰਿੰਦਰ ਸਿੰਘ ਟਿਵਾਣਾ ਮੌਕੇ 'ਤੇ ਪੁੱਜੇ। ਉਨ੍ਹਾਂ ਪੰਚਾਇਤ ਤੇ ਪਿ੍ਰੰਸੀਪਲ ਨਾਲ ਗੱਲਬਾਤ ਕੀਤੀ। ਟਿਵਾਣਾ ਨੇ ਦੱਸਿਆ ਪੰਚਾਇਤ ਦਾ ਸ਼ਿਕਵਾ ਵਾਜਿਬ ਹੈ ਤੇ ਉਹ ਇਸ ਸਬੰਧੀ ਕਾਰਵਾਈ ਲਈ ਅਧਿਕਾਰੀਆਂ ਨੂੰ ਲਿਖਣਗੇ।