ਲੁਭਾਸ਼ ਸਿੰਗਲਾ, ਤਪਾ ਮੰਡੀ : ਨੇੜਲੇ ਪਿੰਡ ਤਾਜੋਕੇ ਦੀ ਗ੍ਰਾਮ ਪੰਚਾਇਤ ਵਿਚਕਾਰ ਚਲ ਰਿਹਾ ਰੇੜਕਾ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਪਿੰਡ ਅੰਦਰਲੀਆਂ ਪਿਛਲੇ ਵਰੇ੍ਹ ਦੇ ਆਖਰੀ ਵੇਲੇ ਹੋਈਆਂ ਪੰਚਾਇਤੀ ਚੋਣਾਂ 'ਚ ਸਰਪੰਚ ਤੇ ਪੰਚ ਵੱਖੋ-ਵੱਖਰੀ ਵਿਚਾਰਧਾਰਾ ਦੇ ਜਿੱਤ ਗਏ। ਇਸ ਕਾਰਨ ਸਰਪੰਚ ਗੁਰਮੀਤ ਸਿੰਘ ਭਾਵੇਂ ਫਸਵੀ ਸਿਆਸੀ ਟੱਕਰ 'ਚ ਵੱਡੀ ਜਿੱਤ ਦਰਜ ਕਰ ਗਏ ਪਰ ਪੰਚਾਇਤ ਚਲਾਉਣ ਲਈ ਲੋੜੀਦੇ ਪੰਚ ਪਿੰਡ ਅੰਦਰ ਵਿਰੋਧੀ ਪੰਡਤ ਧੜੇ ਦੇ ਜਿੱਤ ਗਏ। ਪਰ ਬੀਤੇ ਕੱਲ ਪਿੰਡ ਦਾ ਇਕ ਪੰਚ ਰੇਸ਼ਮ ਸਿੰਘ ਜੋ ਸਰਪੰਚ ਦੇ ਬਾਗੀ ਧੜੇ ਨਾਲ ਸਿਆਸੀ ਸਬੰਧ ਰੱਖਦਾ ਸੀ ਨੇ ਪਿੰਡ ਦੇ ਕਈ ਮੋਹਤਬਰਾਂ ਦੀ ਹਾਜ਼ਰੀ 'ਚ ਪਿੰਡ ਵਿਚਲੇ ਸਰਪੰਚ ਗੁਰਮੀਤ ਸਿੰਘ ਦੇ ਧੜੇ ਨੂੰ ਸਿਆਸੀ ਤੌਰ 'ਤੇ ਹਮਾਇਤ ਦਿੱਤੀ ਹੈ। ਪੰਚ ਰੇਸ਼ਮ ਸਿੰਘ ਦਾ ਤਰਕ ਸੀ ਕਿ ਪਿੰਡ ਦੀ ਗ੍ਰਾਮ ਪੰਚਾਇਤ ਵਿਚਲੇ ਪ੍ਰਭਾਵਿਤ ਹੋ ਰਹੇ ਵਿਕਾਸ ਕਾਰਜਾਂ ਦੀ ਪੂਰਤੀ ਲਈ ਉਕਤ ਕਦਮ ਚੁੱਕਣਾ ਪਿਆ ਹੈ ਤਾਂ ਜੋ ਪਿੰਡ ਤੇ ਵਾਰਡ ਦੇ ਲੋਕਾਂ ਨਾਲ ਚੋਣਾ ਵੇਲੇ ਵਿਕਾਸ ਦੇ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕੇ, ਪਰ ਹੈਰਾਨੀ ਦੀ ਗੱਲ ਉਦੋ ਹੋਈ ਜਦ ਹਮਾਇਤ ਵਾਲੀ ਤਸਵੀਰ ਪਾਈ ਨੂੰ ਕੁਝ ਹੀ ਘੰਟੇ ਹੀ ਹੋਏ ਸਨ ਕਿ ਰੇਸ਼ਮ ਸਿੰਘ ਪੰਚ ਦੀ ਦੂਜੀ ਤਸਵੀਰ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਗਈ। ਇਸ 'ਚ ਰੇਸ਼ਮ ਸਿੰਘ ਪੰਚ ਮੁੜ ਆਪਣੇ ਪੁਰਾਣੇ ਧੜੇ ਨਾਲ ਵਿਖਾਈ ਦੇ ਰਿਹਾ ਹੈ। ਉਧਰ ਰੇਸ਼ਮ ਸਿੰਘ ਪੰਚ ਨੇ ਫੋਨ ਉਪਰ 'ਪੰਜਾਬੀ ਜਾਗਰਣ' ਨੂੰ ਦੱਸਿਆ ਕਿ ਆਪਣੇ ਧੜੇ ਦੇ ਆਗੂ ਨਾਲ ਕਿਸੇ ਮਾਮਲੇ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ ਸੀ। ਜਿਸ ਕਾਰਨ ਹੀ ਸਰਪੰਚ ਧੜੇ ਨੂੰ ਹਮਾਇਤ ਦਿੱਤੀ ਸੀ ਪਰ ਹੁਣ ਮੁੜ ਸੁਲਹ ਤੇ ਹਮਾਇਤੀ ਤੇ ਪਰਿਵਾਰਕ ਮੈਂਬਰਾਂ ਦੇ ਮੁੜ ਸਮਝਾਉਣ 'ਤੇ ਆਪਣੇ ਪੁਰਾਣੇ ਸਾਥੀਆਂ ਕੋਲ ਚਲਾ ਗਿਆ ਹਾਂ। ਪਰ ਪਿੰਡ ਦੇ ਲੋਕ ਇਸ ਆਇਆ ਰਾਮ ਗਿਆ ਰਾਮ ਦੀ ਸਿਆਸੀ ਖੇਡ ਤੋਂ ਕਾਫੀ ਦੁੱਖੀ ਹਨ, ਜੋ ਪੰਚਾਇਤ ਤੋਂ ਇਕਜੁੱਟਤਾ ਨਾਲ ਰਹਿ ਕੇ ਵਿਕਾਸ ਭਾਲਦੀ ਹੈ।

ਕੀ ਹੈ ਮਾਮਲਾ

ਪਿੰਡ ਅੰਦਰ ਸਾਲ ਭਰ ਤੋਂ ਉਕਤ ਸਿਆਸੀ ਕਸ਼ਮਕਸ਼ ਦਾ ਦੌਰ ਪੂਰੇ ਜੋਬਣ ਉਪਰ ਵਿਖਾਈ ਦਿੱਤਾ। ਇਸੇ ਤਹਿਤ ਹੀ ਪਿੰਡ ਅੰਦਰ ਜੇਤੂ ਪੰਚਾਇਤ ਮੈਂਬਰਾਂ ਨੇ ਆਪਣੇ ਧੜੇ ਦੀ ਅਗਵਾਈ ਕਰਨ ਵਾਲੇ ਸ਼ਰਮਾ ਦੀ ਅਗਵਾਈ 'ਚ ਪਿਛਲੇ ਸਮੇਂ ਡੀਸੀ ਬਰਨਾਲਾ ਸਣੇ ਜ਼ਿਲ੍ਹਾ ਪੰਚਾਇਤ ਵਿਕਾਸ ਅਧਿਕਾਰੀ ਦੇ ਦਫ਼ਤਰ ਵਿਖੇ ਪੰਚਾਇਤ ਉਪਰ ਪ੍ਰਬੰਧਕ ਲਾਉਣ ਲਈ ਪੱਤਰ ਦਿੱਤਾ ਸੀ ਤਾਂ ਜੋ ਵਿਕਾਸ ਕਾਰਜ ਪ੍ਰਭਾਵਿਤ ਨਾ ਹੋਣ ਪਰ ਪੰਚਾਇਤੀ ਵਿਭਾਗ ਵਲੋਂ ਆਪਣੇ ਪਿਛਲੇ ਫੈਸਲੇ ਤਹਿਤ ਕਰੀਬ ਲੰਘੀ 15 ਜੁਲਾਈ ਨੂੰ ਪੰਚਾਇਤ ਦੇ ਅਧਿਕਾਰ ਸਰਪੰਚ ਗੁਰਮੀਤ ਸਿੰਘ ਕੋਲ ਹੀ ਬਹਾਲ ਰੱਖ ਕੇ ਉਨ੍ਹਾਂ ਨੂੰ ਕੰਮ ਕਰਨ ਦੇ ਅਧਿਕਾਰ ਦਿੱਤੇ ਸਨ। ਇਸ ਕਾਰਨ ਇਕ ਵਾਰ ਫੇਰ ਪਿੰਡ ਅੰਦਰ ਜੇਤੂ ਸਰਪੰਚ ਗੁਰਮੀਤ ਸਿੰਘ ਧੜੇ ਦੀ ਚੜ੍ਹਤ ਸੁਣਾਈ ਦੇਣ ਲੱਗ ਪਈ ਸੀ। ਇਸ ਦੇ ਪਿੱਛੇ ਸਭ ਤੋ ਵੱਡਾ ਸਿਆਸੀ ਹੱਥ ਪਿੰਡ ਅੰਦਰ ਸਮਾਜ ਸੇਵੀ ਵਜੋ ਵਿਚਰਨ ਵਾਲੇ ਪਰਮਜੀਤ ਸਿੰਘ ਪੰਮਾਂ ਦਾ ਸੀ, ਭਾਵੇਂ ਪੰਮਾਂ ਸਿਆਸੀ ਤੌਰ 'ਤੇ ਪਿਛਲੇ 6 ਵਰਿ੍ਹਆਂ ਤੋ ਅਕਾਲੀ ਦਲ ਨਾਲ ਵਿਚਰ ਰਹੇ ਹਨ ਤੇ ਪਿੰਡ ਪੱਧਰ ਦੀਆਂ ਪੰਚਾਇਤੀ ਚੋਣਾਂ 'ਚ ਉਨ੍ਹਾਂ ਨੇ ਸਰਪੰਚ ਗੁਰਮੀਤ ਸਿੰਘ ਦੀ ਖੁੱਲ ਦਿੱਤੀ ਨਾਲ ਮਦਦ ਕੀਤੀ ਸੀ। ਇਸ ਕਾਰਨ ਹੀ ਗੁਰਮੀਤ ਸਿੰਘ ਦੀ ਚੋਣ ਵਿਚ ਜਿੱਤ 'ਚ ਬਦਲੀ ਹੈ। ਪਰ ਪੰਚਾਇਤੀ ਚੋਣ ਜਿੱਤਣ ਤੋ ਬਾਅਦ ਪੰਚਾਇਤ ਲਈ ਲੋੜੀਂਦੇ ਪੰਚ ਇਕਠੇ ਰੱਖਣ ਲਈ ਇਕ ਸਾਲ ਤੋਂ ਕਸ਼ਮਕਸ਼ ਜਾਰੀ ਹੈ। ਮਾਮਲੇ ਸਬੰਧੀ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਚ ਅਦਾਲਤ ਨੇ ਪਿਛਲੇ ਸਮੇਂ ਸਰਪੰਚ ਦੀ ਵੋਟ ਨੂੰ ਦੂਹਰੀ ਮਾਨਤਾ ਦੇ ਦਿੱਤੀ ਸੀ, ਪਰ ਉਸ ਦਾ ਮੁੱਖ ਮੰਤਵ ਪਿੰਡ ਦਾ ਸਰਵ ਪੰਖੀ ਵਿਕਾਸ ਕਰਵਾਉਣਾ ਹੈ। ਇਸ ਲਈ ਉਹ ਪੂਰੀ ਤਰ੍ਹਾਂ ਤੱਤਪਰ ਹੈ। ਜ਼ਿਕਰਯੋਗ ਹੈ ਕਿ ਪਿੰਡ ਅੰਦਰ ਸਰਪੰਚ ਸਣੇ 9 ਮੈਂਬਰ ਪੰਚ ਮੌਜੂਦ ਹਨ, ਪਰ ਸਰਪੰਚ ਧੜੇ ਨਾਲ 3 ਪੰਚ ਜੁੜੇ ਹੋਏ ਹਨ ਤੇ ਅੱਧੀ ਦਰਜਨ ਪੰਚ ਵਿਰੋਧ 'ਚ ਖੜੇ੍ਹ ਹਨ, ਜੇਕਰ ਕੋਈ ਇਕ ਪੰਚ ਟੁੱਟ ਕੇ ਸਰਪੰਚ ਧੜੇ ਦੀ ਹਮਾਇਤ ਕਰ ਦਿੰਦਾ ਹੈ ਤਦ ਕੋਰਮ ਪੁਰਾ ਹੋਣ ਦੇ ਨਾਲ ਕੰਮ ਚਲਾਊ ਪੰਚਾਇਤ ਬਣ ਜਾਵੇਗੀ। ਪਰ ਸਿਆਸੀ ਨਜ਼ਰੀਏ ਨਾਲ ਵੇਖੀਏ ਤਾਂ ਅਜੇ ਉਕਤ ਉਲੀ ਤਾਣੀ ਸੁਲਝਣ 'ਚ ਸਮਾਂ ਲੱਗੇਗਾ।

ਪਿੰਡ ਦੀ ਗ੍ਰਾਮ ਪੰਚਾਇਤ ਦੀ ਮੌਜੂਦਾ ਹਾਲਾਤ

ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਲੰਘੀ 4 ਨਵੰਬਰ ਤੋਂ ਗ੍ਰਾਮ ਪੰਚਾਇਤ ਕੋਈ ਕੰਮ ਨਹੀ ਕਰਵਾ ਸਕਦੀ ਕਿਉਂਕਿ ਕੋਰਮ ਪੁੂਰਾ ਨਾ ਹੋਣ ਕਾਰਨ ਗ੍ਰਾਮ ਪੰਚਾਇਤ ਕੋਲ ਨਵਾਂ ਕੰਮ ਚਲਾਉਣ ਦਾ ਅਧਿਕਾਰ ਨਹੀਂ ਹੈ, ਪਰ ਮੇਰੀ ਮੁੱਢ ਤੋਂ ਇੱਛਾ ਰਹੀ ਹੈ ਕਿ ਪਿੰਡ ਦੇ ਵਿਕਾਸ ਕਾਰਜ ਕਰਵਾ ਕੇ ਚੋਣਾਂ ਵੇਲੇ ਕੀਤਾ ਹਰੇਕ ਵਾਅਦਾ ਪੂਰਾ ਕਰਾਂ, ਪਰ ਪਿੰਡ ਅੰਦਰ ਭਾਰੂ ਪਈ ਸਿਆਸਤ ਨੇ ਪੂਰੀ ਵਿਕਾਸ ਦੀ ਖੇਡ ਵਿਗਾੜ ਕੇ ਰੱਖੀ ਹੋਈ ਹੈ। ਇਸ ਕਾਰਨ ਅਜੇ ਵੀ ਵੇਲਾ ਹੈ ਕਿ ਪਿੰਡ ਦੇ ਚੁਣੇ ਨੁਮਾਇੰਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਾਨੂੰ ਇਕਜੁੱਟਤਾ ਨਾਲ ਅੱਗੇ ਆਉਂਦਾ ਚਾਹੀਦਾ ਹੈ।