ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : 1947 ਵਿਚ ਦੇਸ਼ ਦੀ ਵੰਡ ਸਮੇਂ ਪੰਜਾਬ ਵਿੱਚੋਂ ਉੱਜੜ ਕੇ ਪਾਕਿਸਤਾਨ ਜਾ ਵੱਸੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਰੜ ਦੇ ਬਜ਼ੁਰਗ ਖ਼ੁਸ਼ੀ ਮੁਹੰਮਦ ਪੁੱਤਰ ਜੁਮੇਲਦੀਨ ਦੀ ਜੱਦੀ ਪਿੰਡ ਦੇਖਣ ਦੀ ਤਾਂਘ ਨੂੰ ਕਰਮਜੀਤ ਸਿੰਘ ਉੱਪਲ ਹਰਦਾਸਪੁਰਾ ਪੂਰਾ ਕਰਨ ਜਾ ਰਿਹਾ ਹੈ।

ਉੱਪਲ ਨੇ ਦੱਸਿਆ ਕਿ ਯੂ-ਟਿਊਬ ਚੈਨਲ ਰਾਹੀਂ ਉਨ੍ਹਾਂ ਵੀਡੀਓ ਵੇਖੀ ਸੀ ਜਿਸ ਵਿਚ ਬਜ਼ੁਰਗ ਖੁਸ਼ੀ ਮੁਹੰਮਦ ਹਾਲ ਆਬਾਦ 528 ਜੀਬੀ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ (ਪਾਕਿਸਤਾਨ) ਜੱਦੀ ਪਿੰਡ ਕੁਰੜ ਦੱਸਦਾ ਹੈ। ਖੁਸ਼ੀ ਮੁਹੰਮਦ ਯਾਦਾਂ ਸਾਂਝੀਆ ਕਰਦਾ ਹੈ ਤੇ ਪਿੰਡ ਵੇਖਣ ਦੀ ਤਾਂਘ ਜ਼ਾਹਿਰ ਕਰਦਾ ਹੈ।

ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਨੇ ਪਿੰਡ ਕੁਰੜ ਦੇ ਨੌਜਵਾਨ ਗਗਨ ਸਰਾਂ 'ਤੇ ਅਮਰੀਕ ਸਿੰਘ ਕੁਰੜ ਨਾਲ ਰਾਬਤਾ ਕਰ ਕੇ ਪਿੰਡ ਕੁਰੜ ਵਿਚ ਰਹਿੰਦੇ ਮੁਸਲਿਮ ਪਰਿਵਾਰਾਂ, ਉਸ ਵੱਲੋਂ ਦੱਸੀਆਂ ਨਿਸ਼ਾਨੀਆਂ 'ਤੇ ਮਸਜਿਦ ਦੀ ਵੀਡੀਓ ਤਿਆਰ ਕੀਤੀ। ਜਿਸ ਨੂੰ ਖੁਸ਼ੀ ਮੁਹੰਮਦ ਤਕ ਪੁੱਜਦਾ ਕੀਤਾ ਜਾਣਾ ਹੈ।

14 ਸਾਲ ਦੀ ਉਮਰ 'ਚ ਛੱਡਿਆ ਸੀ ਦੇਸ਼ ਪੰਜਾਬ

ਉਸ ਵੀਡੀਓ ਵਿਚ ਬਜ਼ੁਰਗ ਖੁਸ਼ੀ ਮੁਹੰਮਦ ਦੱਸਦਾ ਹੈ ਕਿ ਵੰਡ ਸਮੇਂ ਉਹਦੀ ਉਮਰ 14 ਸਾਲ ਸੀ। ਉਸ ਸਮੇਂ ਪਿੰਡ ਕੁਰੜ ਪਟਿਆਲਾ ਰਿਆਸਤ ਦਾ ਹਿੱਸਾ 'ਤੇ ਤਹਿਸੀਲ ਧੂਰੀ ਹੁੰਦੀ ਸੀ। ਮੁਲਕ ਦੀ ਤਕਸੀਮ ਹੋਈ ਤਾਂ ਮਾਹੌਲ ਖਰਾਬ ਹੋਣ ਕਾਰਨ ਉਨ੍ਹਾਂ ਦੀ ਢੇਰੀ ਦੇ ਕੁਝ ਪਰਿਵਾਰ ਮਲੇਰਕੋਟਲਾ ਕੈਂਪ ਰਾਹੀ ਪਾਕਿਸਤਾਨ ਚਲਏ ਗਏ ਤੇ ਕਈ ਇਧਰ ਹੀ ਰਹਿ ਗਏ।

ਪਿੰਡ ਛੱਡਣ ਸਮੇਂ ਉਨ੍ਹਾਂ ਆਪਣੇ ਪਸ਼ੂ, ਗੱਡਾ 'ਤੇ ਹੋਰ ਸਮਾਨ ਜ਼ਿਮੀਦਾਰਾਂ ਨੂੰ ਦੇ ਦਿੱਤੇ ਸਨ ਜਦਕਿ ਕਣਕ ਤੇ ਹੋਰ ਖਾਣ-ਪੀਣ ਵਾਲੀ ਰਸਦ ਨੇੜੇ ਰਹਿੰਦੇ ਪਰਿਵਾਰਾਂ ਨੂੰ ਵੰਡ ਦਿੱਤੀ ਸੀ। ਉਦੋਂ ਆਸ ਸੀ ਕਿ ਮਾਹੌਲ ਠੀਕ ਹੋਣ ਤੋਂ ਬਾਅਦ ਵਾਪਸ ਆ ਜਾਣਗੇ ਪਰ ਦੋਵਾਂ ਮੁਲਕਾਂ ਵਿਚ ਅਜਿਹੀ ਲਕੀਰ ਖਿੱਚੀ ਗਈ ਜਿਹੜੀ ਦਿਨੋਂ-ਦਿਨ ਗੂੜ੍ਹੀ ਹੁੰਦੀ ਗਈ ਹੈ।

ਵ੍ਹਟਸਐਪ ਰਾਹੀਂ ਪਵੇਗੀ ਦਿਲਾਂ ਦੀ ਸਾਂਝ

ਕਰਮਜੀਤ ਸਿੰਘ ਉੱਪਲ ਨੇ ਦੱਸਿਆ ਕਿ ਉਸ ਵੱਲੋਂ ਬਣਾਈ ਇਹ ਵੀਡੀਓ ਚੈਨਲ ਵਿਚ ਦਿੱਤੇ ਵ੍ਹਟਸਐਪ 'ਤੇ ਸੋਸ਼ਲ ਮੀਡੀਆ ਰਾਹੀਂ ਖ਼ੁਸ਼ੀ ਮੁਹੰਮਦ ਤਕ ਪੁੱਜਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੰਡ ਵਿਚ ਉੱਜੜੇ ਹਾਲੇ ਤਕ ਉਦਾਸ ਹਨ ਜੋ ਕਿ ਪਿੰਡ ਕੁਰੜ ਵਿਚ ਲੋਕਾਂ ਨਾਲ ਗੱਲਬਾਤ ਕਰਨ ਸਮੇਂ ਸਾਫ਼ ਦੇਖਿਆ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੋਵੇਂ ਪਾਸੇ ਰਹਿੰਦੇ ਵਿਛੜੇ ਪਰਿਵਾਰਾਂ ਦੇ ਮੇਲ-ਮਿਲਾਪ ਲਈ ਖੁੱਲ੍ਹ ਦੇਵੇ।