ਬੂਟਾ ਸਿੰਘ ਚੌਹਾਨ, ਸੰਗਰੂਰ : ਬੇਰੁਜ਼ਗਾਰ ਪੀਟੀਆਈਂ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਦੀ ਅਗਵਾਈ ਹੇਠ ਆਪਣੀਆਂ ਪੋਸਟਾਂ ਦੀਆਂ ਮੰਗਾਂ ਨੂੰ ਲੈ ਸਿਟੀ ਪਾਰਕ ( ਬੀ.ਐੱਨ. ਐੱਸ ਪਾਰਕ) ਵਿਖੇ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲ ਮਟੋਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਬਰਨਾਲਾ ਕੈਂਚੀਆਂ ਤੱਕ ਰੋਸ ਮਾਰਚ ਕਰਕੇ ਚੱਕਾ ਜਾਮ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ 8-10-2020 ਨੂੰ ਸਾਡੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ 'ਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨਾਲ ਪੈਨਲ ਮੀਟਿੰਗ ਕੀਤੀ ਗਈ ਜਿਸ ਵਿੱਚ ਯੂਨੀਅਨ ਨੂੰ ਦੋ ਮਹੀਨਿਆਂ ਤੱਕ ਪੋਸਟਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਯੂਨੀਅਨ ਦੇ ਆਗੂ ਸਾਥੀਆਂ ਵੱਲੋਂ ਮਿਤੀ 25 ਅਕਤੂਬਰ ਅਤੇ 18 ਨਵੰਬਰ ਨੂੰ ਚੰਡੀਗੜ੍ਹ ਵਿਖੇ ਜਾਣਕਾਰੀ ਲਈ ਐਪਲੀਕੇਸ਼ਨ ਦਿੱਤੀ ਗਈ ਪਰ ਹਾਲੇ ਕੋਈ ਜਵਾਬ ਨਹੀਂ ਦਿੱਤਾ ਗਿਆ।

ਰੋਸ ਧਰਨੇ ਦੌਰਾਨ ਪ੍ਰਰਾਸ਼ਸਨ ਵੱਲੋਂ ਸੰਗਰੂਰ ਬਰਨਾਲਾ ਚੌਕ ਵਿੱਚੋਂ ਰੋਕੀ ਆਵਾਜਾਈ ਖੁੱਲ੍ਹਵਾਉਣ ਲਈ ਤਹਿਸੀਲਦਾਰ ਕੇ ਕੇ ਮਿੱਤਲ ਗਏ ਅਤੇ ਆਪਸੀ ਗੱਲਬਾਤ ਸਿਰੇ ਨਾ ਚੜ੍ਹਨ ਕਾਰਨ ਅਧਿਆਪਕ ਰੋਸ ਵਜੋਂ ਅੱਠ ਸਿਵਲ ਹਸਪਤਾਲ ਵਿਚ ਜਾ ਕੇ ਪਾਣੀ ਵਾਲੀ ਟੈਂਕੀ ਉੱਤੇ ਜਾ ਚੜ੍ਹੇ। ਖ਼ਬਰ ਲਿਖਣ ਤੱਕ ਅਧਿਆਪਕ ਟੈਂਕੀ ਤੋਂ ਉੱਤਰੇ ਨਹੀਂ ਸਨ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸਕੱਤਰ ਅਮਨਦੀਪ ਕੰਬੋਜ, ਕੁਲਵੰਤ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਕੌਰ, ਅਮਨਦੀਪ ਕੌਰ, ਮਲਕੀਤ ਕੌਰ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਕਿਸਾਨ ਯੂਨੀਅਨ ਗੁਰਵਿੰਦਰ ਸਿੰਘ ਬਡਰੁੱਖਾਂ, ਗੁਰਜੰਟ ਸਿੰਘ ਨੇ ਵੀ ਪੀਟੀਆਈ ਅਧਿਆਪਕ ਯੂਨੀਅਨ ਦਾ ਸਮਰਥਨ ਕੀਤਾ।

-----