ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਪਿੰਡ ਘਰਾਚੋਂ ਤੋਂ ਕੁਟੀ ਸਾਹਿਬ ਨੂੰ ਜਾਂਦੀ ਨਾਗਰਾ ਲਿੰਕ ਰੋਡ 'ਤੇ ਭੱਠੇ ਕੋਲ ਪੈਂਦੇ ਚੌਕ 'ਤੇ ਸ਼ਨਿੱਚਰਵਾਰ ਸਵੇਰੇ ਇਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਉਸ ਪਿੱਛੇ ਬੈਠਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜੋ ਪਟਿਆਲਾ ਵਿਖੇ ਜੇਰੇ ਇਲਾਜ ਹੈ।

ਘਟਨਾ ਸਬੰਧੀ ਜਾਂਚ ਕਰ ਰਹੇ ਸੁਖਪਾਲ ਸਿੰਘ ਏਐੱਸਆਈ ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਰਾਜਗਿਰੀ ਦਾ ਕੰਮ ਕਰਦਾ ਹੰਸ ਰਾਜ ਵਾਸੀ ਮਹਿਲਾਂ ਚੌਕ ਸ਼ਨਿੱਚਰਵਾਰ ਸਵੇਰੇ ਮੋਟਰਸਾਈਕਲ 'ਤੇ ਇਕ ਹੋਰ ਵਿਅਕਤੀ ਸੋਮਨਾਥ ਵਾਸੀ ਪਿੰਡ ਸੰਘਰੇੜ੍ਹੀ ਨਾਲ ਸੰਘਰੇੜ੍ਹੀ ਪਿੰਡ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਨਾਗਰਾ ਦੇ ਇੱਕ ਭੱਠੇ ਨੇੜੇ ਪੈਂਦੇ ਚੌਕ ਕੋਲ ਪਹੁੰਚੇ ਤਾਂ ਅਚਾਨਕ ਇਕ ਕਾਰ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ। ਜਿੰਨ੍ਹਾਂ 'ਚੋਂ ਹੰਸ ਰਾਜ (31) ਦੀ ਮੌਤ ਹੋ ਗਈ ਤੇ ਸੋਮਨਾਥ ਗੰਭੀਰ ਜ਼ਖ਼ਮੀ ਹੋ ਗਿਆ। ਸੋਮਨਾਥ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ। ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਹਰਜਿੰਦਰ ਸਿੰਘ ਗੱਗੀ ਵਾਸੀ ਸੰਘਰੇੜ੍ਹੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।