ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਪਿੰਡ ਵਜੀਦਕੇ ਖ਼ੁਰਦ ਵਿਖੇ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਬੀਤੀ ਰਾਤ ਇਕ ਕਾਰ ਤੇ ਮੋਟਰਸਾਈਕਲ ਦੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਤੇ ਦੂਸਰਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਥਾਣਾ ਠੁੱਲ੍ਹੀਵਾਲ ਦੇ ਏਐੱਸਆਈ ਹਰਜਿੰਦਰ ਸਿੰਘ ਨਿਹਾਲੂਵਾਲ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਵਜੀਦਕੇ ਖ਼ੁਰਦ ਵਿਖੇ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਇਕ ਕਾਰ ਜੋ ਕਿ ਬਰਨਾਲਾ ਸਾਈਡ ਤੋਂ ਲੁਧਿਆਣਾ ਨੂੰ ਜਾ ਰਹੀ ਸੀ ਦੂਜੇ ਪਾਸੇ ਮਹਿਲ ਕਲਾਂ ਸਾਈਡ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਵਿਅਕਤੀ ਬਰਨਾਲਾ ਸਾਈਡ ਨੂੰ ਆ ਰਹੇ ਸਨ। ਰਸਤੇ 'ਚ ਕਾਰ ਤੇ ਮੋਟਰਸਾਈਕਲ ਦੇ ਹਾਦਸਾਗ੍ਸਤ ਹੋਣ 'ਤੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਸਵਾਰ ਮਿ੍ਤਕ ਵਿਅਕਤੀ ਦੀ ਪਛਾਣ ਕਰਮਜੀਤ ਸਿੰਘ ਵਾਸੀ ਸੰਘੇੜਾ ਤੇ ਗੰਭੀਰ ਰੂਪ 'ਚ ਜ਼ਖ਼ਮੀ ਬਲਜਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਠੁੱਲ੍ਹੀਵਾਲ ਵਿਖੇ ਕੇਸ ਦਰਜ ਕਰਕੇ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।