ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ : ਇੱਥੋਂ ਨੇੜਲੇ ਪਿੰਡ ਖੇੜੀ ਕਲਾਂ ਦੇ ਇਕ ਦਲਿਤ ਨੌਜਵਾਨ ਜਗਸੀਰ ਸਿੰਘ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਆਈਟੀ ਬਰਨਾਲਾ ਵਿਖੇ ਇਲੈਕਟ੍ਰੀਕਲ ਦਾ ਡਿਪਲੋਮਾ ਕਰ ਰਹੇ ਜਗਸੀਰ ਸਿੰਘ (20) ਪੁੱਤਰ ਨਿਰਮਲ ਸਿੰਘ ਵਾਸੀ ਖੇੜੀ ਕਲਾਂ, ਜੋ ਦਸਵੀਂ ਵਿਚ ਪੜ੍ਹਦੇ ਸਮੇਂ ਹੀ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ। ਗਰੀਬ ਪਰਿਵਾਰ ਆਪਣੇ ਪੁੱਤਰ ਦੇ ਇਲਾਜ 'ਤੇ ਪਹਿਲਾਂ ਹੀ ਲੱਖਾਂ ਰੁਪਏ ਖ਼ਰਚ ਕਰਕੇ ਕੱਖੋਂ ਹੌਲਾ ਹੋ ਚੁੱਕਿਆ ਹੈ। ਹੁਣ ਪੀੜਤ ਨੌਜਵਾਨ ਦਾ ਹੋਮੀਭਾਬਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਪਿਛਲੇ ਤਿੰਨ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ। ਪਰੰਤੂ ਆਪਣੇ ਘਰ ਵਿਚ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜਦਾ ਜਗਸੀਰ ਸਿੰਘ ਆਖਰ ਇਸ ਦੁਨੀਆ ਤੋਂ ਸਦਾ ਲਈ ਚਲਾ ਗਿਆ।

ਜ਼ਿਕਰਯੋਗ ਹੈ ਕਿ ਪੌਣੇ ਦੋ ਸਾਲ ਪਹਿਲਾਂ ਜਗਸੀਰ ਦੀ ਇਕ ਨੌਜਵਾਨ ਭੈਣ ਦੀ ਵੀ ਨਾੜਾਂ ਬਲੌਕਜ਼ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਹੁਣ ਪਰਿਵਾਰ ਪਿੱਛੇ ਇਕ ਪੁੱਤਰ ਤੇ ਇਕ ਧੀ ਰਹਿ ਗਏ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।