ਸੰਗਰੂਰ : 2019 'ਚ ਹਜ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ 'ਚ ਅਤਰ ਬੀਬੀ (101) ਪਹਿਲੀ ਲੰਬੀ ਉਮਰ ਮਹਿਲਾ ਹਾਜੀ ਹੋਵੇਗੀ ਜੋ ਇਸ ਵਾਰ ਪੰਜਾਬ ਤੋਂ ਰਵਾਨਾ ਹੋਵੇਗੀ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਖਰੀ ਹਰਨੀ ਦੀ ਨਿਵਾਸੀ ਅਤਰ ਬੀਬੀ ਨੂੰ 101 ਸਾਲ ਦੀ ਉਮਰ 'ਚ ਹਜ ਜਾਣ ਦਾ ਮੌਕਾ ਮਿਲਿਆ ਹੈ। ਉਹ ਬੇਹੱਦ ਖੁਸ਼ ਹਨ ਤੇ ਹਜ ਯਾਤਰਾ 'ਤੇ ਜਾਣ ਲਈ ਮਾਲੇਰਕੋਟਲਾ 'ਚ ਟ੍ਰੈਨਿੰਗ ਲੈ ਰਹੀ ਹੈ। 6 ਜੁਲਾਈ ਨੂੰ ਦਿੱਲੀ ਤੋਂ ਮੱਕਾ-ਮਦੀਨਾ ਲਈ ਫਲਾਈਟ ਜਾਵੇਗੀ।

ਜੰਮੂ-ਕਸ਼ਮੀਰ ਦੇ ਪਿੰਡ ਕਠੂਆ 'ਚ ਇਕ ਜਨਵਰੀ 1918 ਨੂੰ ਅਤਰ ਬੀਬੀ ਦਾ ਜਨਮ ਪਿਤਾ ਤੀਲਮਦੀਨ ਦੇ ਘਰ ਮਾਤਾ ਜੀਬੋ ਦੀ ਕੁੱਖੋਂ ਹੋਇਆ। ਪਿਤਾ ਤੀਲਮਦੀਨ ਪਸ਼ੂਪਾਲਕ ਸਨ। ਅਤਰ ਬੀਬੀ ਦੇ ਪੁੱਤਰ ਗੁਲਾਮ ਹੁਸੈਨ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਹਜ ਯਾਤਰਾ ਨਹੀਂ ਕਰਵਾ ਸਕਿਆ ਜਿਸ ਦਾ ਉਸ ਨੂੰ ਮਲਾਲ ਰਹੇਗਾ। ਆਪਣੀ ਮਾਂ ਅਤਰ ਬੀਬੀ ਦਾ ਸੁਪਨਾ ਜ਼ਰੂਰ ਪੂਰਾ ਕਰਨਾ ਚਾਹੁੰਦਾ ਸੀ, ਜਿਸ ਲਈ ਉਹ ਪਿਛਲੇ ਕਈ ਸਾਲਾਂ ਤੋਂ ਪਾਈ-ਪਾਈ ਜੋੜ ਰਿਹਾ ਹੈ।

ਪੰਜਾਬ ਸੂਬਾ ਹਜ ਕਮੇਟੀ ਦੇ ਚੇਅਰਮੈਨ ਰਸ਼ੀਦ ਖਿਲਜੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 101 ਸਾਲ ਤਕ ਦੀ ਉਮਰ ਦੇ ਵਿਅਕਤੀ ਹਜ ਯਾਤਰਾ 'ਤੇ ਪੰਜਾਬ ਤੋਂ ਨਹੀਂ ਗਏ ਹਨ। ਅਤਰ ਬੀਬੀ ਇਸ ਉਮਰ ਵਰਗ ਦੀ ਪਹਿਲੀ ਹਾਜੀ ਬਣੇਗੀ। ਮੈਡੀਕਲੀ ਉਹ ਫਿਟ ਹੈ। ਮਾਲੇਰਕੋਟਲਾ 'ਚ ਟ੍ਰੇਨਿੰਗ ਕੈਂਪ ਦੌਰਾਨ ਹਜ ਯਾਤਰਾ ਸੰਬੰਧੀ ਟ੍ਰੈਨਿੰਗ ਵੀ ਦਿੱਤੀ ਗਈ ਹੈ।

ਅਰਬੀ ਪੜ੍ਹਨਾ ਜਾਣਦੀ ਹੈ ਅਤਰ ਬੀਬੀ, ਰੋਜ਼ਾਨਾ ਪੜ੍ਹਦੀ ਹੈ ਕੁਰਾਨ

ਗੁਲਾਮ ਹੁਸੈਨ ਨੇ ਕਿਹਾ ਕਿ ਮਾਤਾ ਅਤਰ ਬੀਬੀ ਸਿਰਫ ਅਰਬੀ ਪੜ੍ਹਨਾ ਜਾਣਦੀ ਹੈ। ਹੋਰ ਭਾਸ਼ਾਵਾਂ ਦਾ ਉਨ੍ਹਾਂ ਨੂੰ ਇਲਮ ਨਹੀਂ ਹੈ। ਉਹ ਰੋਜ਼ਮਰਾ ਦੇ ਸਮੇਂ 'ਚ ਜ਼ਿਆਦਾ ਸਮਾਂ ਕੁਰਾਨ ਸ਼ਰੀਫ ਪੜ੍ਹਨ 'ਚ ਹੀ ਗੁਜ਼ਾਰਦੀ ਹੈ।

6 ਜੁਲਾਈ ਨੂੰ ਹੋਵੇਗੀ ਰਵਾਨਾ, 45 ਦਿਨ ਦਾ ਹੋਵੇਗਾ ਦੌਰਾ

ਗੁਲਾਮ ਹੁਸੈਨ ਨੇ ਦੱਸਿਆ ਕਿ ਪੰਜ ਜੁਲਾਈ ਨੂੰ ਇਥੋਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਹਜ ਯਾਤਰਾ 'ਤੇ ਮਾਤਾ ਅਤਰ ਬੀਬੀ, ਉਹ ਖੁਦ, ਉਨ੍ਹਾਂ ਦੀ ਭੈਣ ਹੁਸੈਨ ਬੀਬੀ ਤੇ ਜੀਜਾ ਜਾਣਗੇ। ਛੇ ਜੁਲਾਈ ਨੂੰ ਦਿੱਲੀ ਤੋਂ ਮੱਕਾ-ਮਦੀਨਾ ਲਈ ਫਲਾਈਟ ਜਾਵੇਗੀ। ਕਰੀਬ 45 ਦਿਨ ਦੀ ਇਸ ਹਜ ਯਾਤਰਾ ਦੌਰਾਨ ਖੁਦ ਦੀ ਇਬਾਦਤ ਕਰਨਗੇ।

Posted By: Amita Verma