ਸ਼ੰਭੂ ਗੋਇਲ,ਲਹਿਰਾਗਾਗਾ : ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਹੋਰ ਨੌਜਵਾਨ ਵੱਲੋਂ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਕਾਲੂ (20) ਪੁੱਤਰ ਮੱਖਣ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਭੈਣ ਦਾ ਇਕੱਲਾ ਭਰਾ ਸੀ, ਨੇ ਘਰ ਵਿਚ ਹੀ ਫਾਹਾ ਲੈ ਕੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਹੈ।

ਇਸ ਦੇ ਦੋਸਤ ਹਰਜਿੰਦਰ ਸਿੰਘ ਜਿੰਦੀ (17) ਪੁੱਤਰ ਗੁਰਮੇਲ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਨੇ 10 ਕੁ ਦਿਨ ਪਹਿਲਾਂ ਰਾਤ ਨੂੰ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਖੇਡਾਂ ਲਈ ਬਣੀ ਸਟੇਜ ਕੋਲ ਪੌੜੀਆਂ ਦੀ ਗਰਿੱਲ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਦਾ ਭੋਗ ਭਲਕੇ ਐਤਵਾਰ ਨੂੰ ਪੈਣਾ ਹੈ, ਜਦੋਂਕਿ ਮ੍ਰਿਤਕ ਹਰਜਿੰਦਰ ਸਿੰਘ ਦੇ ਚਚੇਰੇ ਭਾਈ ਦੀ ਵੀ ਇਸੇ ਰਾਹ 'ਤੇ ਚਲਦਿਆਂ ਕੁਝ ਮਹੀਨੇ ਪਹਿਲਾਂ ਮੌਤ ਹੋਈ ਸੀ। ਇਸ ਦੀ ਮੌਤ ਕਾਰਨ ਜਿੱਥੇ ਪੂਰੇ ਪਿੰਡ ਵਿਚ ਤਰਥੱਲੀ ਮੱਚ ਗਈ ਹੈ ਉੱਥੇ ਹੀ ਪੂਰਾ ਪਿੰਡ ਚਿੰਤਤ ਤੇ ਝੰਜੋੜਿਆ ਗਿਆ ਹੈ। ਥੋੜ੍ਹੇ ਜਿਹੇ ਸਮੇਂ ਦੌਰਾਨ ਇਸ ਪਿੰਡ ਵਿੱਚ ਹੋਈਆਂ 5 ਮੌਤਾਂ ਇਕ ਭੇਦ ਬਣੀਆਂ ਹੋਈਆਂ ਹਨ। ਬੇਸ਼ੱਕ ਪਿੰਡ ਦੇ ਲੋਕ ਇਹਨਾਂ ਮੌਤਾਂ ਦੇ ਕਾਰਨਾਂ ਬਾਰੇ ਖੁੱਲ੍ਹ ਕੇ ਨਹੀਂ ਦੱਸ ਰਹੇ ਤੇ ਪੀੜਤ ਪਰਿਵਾਰਾਂ ਵੱਲੋਂ ਪੁਲਿਸ ਕਾਰਵਾਈ ਤੋਂ ਡਰਦੇ ਮ੍ਰਿਤਕ ਦੇਹਾਂ ਦਾ ਸਸਕਾਰ ਕਰ ਦਿੱਤਾ ਜਾਂਦਾ ਰਿਹਾ। ਪਰ ਪਿੰਡ ਵਿਚ ਚੁੰਝ ਚਰਚਾ ਇਹ ਹੈ ਕਿ ਇਹ ਨੌਜਵਾਨ ਚਿੱਟੇ ਦੇ ਨਸ਼ੇ ਕਾਰਨ ਹੀਂ ਮੌਤ ਦੇ ਮੂੰਹ ਵਿਚ ਪਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਚਿੱਟਾ ਜਾਖਲ ਨੇੜੇ ਕਿਸੇ ਪਿੰਡ ਵਿਚ ਸ਼ਰੇਆਮ ਮਿਲਦਾ ਹੈ।

Posted By: Seema Anand