ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਭਾਈ ਘਨੱਈਆ ਸਹਾਰਾ ਕਲੱਬ ਰਾਏਸਰ ਵੱਲੋਂ ਨਵਜੰਮੀਆਂ ਬੱਚੀਆਂ ਦੀ ਲੋਹੜੀ ਰਾਏਸਰ (ਪਟਿਆਲਾ) ਦੀ ਧਰਮਸ਼ਾਲਾ 'ਚ ਮਨਾਈ ਗਈ। ਇਸ ਸਮੇਂ ਭਾਈ ਘਨੱਈਆ ਸਹਾਰਾ ਕਲੱਬ ਦੇ ਪ੍ਰਧਾਨ ਡਾ. ਬਲਦੇਵ ਸਿੰਘ ਬਿੱਲੂ ਤੇ ਚੇਅਰਮੈਨ ਦਰਸ਼ਨ ਸਿੰਘ ਨਾਮਧਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਇਹ ਧੀਆਂ ਦੀ ਲੋਹੜੀ ਮਨਾਉਣ ਦਾ ਪ੍ਰਰੋਗਰਾਮ ਸਮੂਹ ਨਗਰ ਨਿਵਾਸੀਆਂ ਦੀ ਚੰਗੀ ਸੋਚ ਤੇ ਧੀਆਂ ਪ੍ਰਤੀ ਦਿੱਤੇ ਜਾ ਰਹੇ ਸਤਿਕਾਰ ਦੀ ਇਕ ਉਦਾਹਰਣ ਹੈ। ਇਸੇ ਉਸਾਰੂ ਸੋਚ ਰੱਖਣ ਲਈ ਪਿੰਡ ਦੇ ਲੋਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਚੰਗਾ ਸਮਾਜ ਸਿਰਜਣ ਲਈ ਧੀਆਂ ਦਾ ਹੋਣਾ ਅਤਿ ਜ਼ਰੂਰੀ ਹੈ, ਕਿਉਂਕਿ ਇਸ ਤੋਂ ਪਹਿਲੇ ਦੋ ਦਹਾਕਿਆਂ ਦੇ ਸਮੇਂ ਅੰਦਰ ਧੀਆਂ ਨੂੰ ਜਨਮ ਦੇਣ ਤੋਂ ਕੰਨੀ ਕਤਰਾਈ ਜਾਂਦੀ ਸੀ, ਜਿਸ ਕਾਰਨ ਧੀਆਂ ਨੂੰ ਪੇਟ 'ਚ ਹੀ ਕਤਲ ਕਰਵਾ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਧੀਆਂ ਜਨਮ ਲੈਣਗੀਆਂ ਤਾਂ ਹੀ ਸਾਡੇ ਸਮਾਜ ਅੰਦਰ ਅਗਲੀਆਂ ਰਿਸ਼ਤੇਦਾਰੀਆਂ ਬਣ ਸਕਦੀਆਂ ਹਨ, ਵਰਨਾ ਧੀਆਂ ਬਿਨਾਂ ਸਾਡਾ ਸਮਾਜ ਅਧੂਰਾ ਹੈ । ਇਹ ਨਵ ਜੰਮੀਆਂ ਬੱਚੀਆਂ ਕੱਲ੍ਹ ਨੂੰ ਸਾਡੇ ਦੇਸ਼ ਦਾ ਭਵਿੱਖ ਬਣਨਗੀਆਂ।

ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਡਾ: ਬਲਦੇਵ ਸਿੰਘ ਬਿੱਲੂ ਵੱਲੋਂ ਕਲੱਬ ਦੇ ਪਿਛਲੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਪੜ੍ਹ ਕੇ ਸੁਣਾਇਆ ਗਿਆ। ਜਿਸ ਉਪਰ ਸਮੂਹ ਨਗਰ ਵਾਸੀਆਂ ਨੇ ਤਸੱਲੀ ਪ੍ਰਗਟ ਕੀਤੀ ।

ਉਨ੍ਹਾਂ ਅੱਗੇ ਕਿਹਾ ਕਿ ਧੀਆਂ ਦੇ ਇਸ ਪ੍ਰਰੋਗਰਾਮ ਨੂੰ ਸਮੂਹ ਨਗਰ ਵਾਸੀਆਂ ਦਾ ਭਰਪੂਰ ਸਹਿਯੋਗ ਹੈ, ਪਰ ਸਪੈਸ਼ਲ ਤੌਰ 'ਤੇ ਇਸ ਪਿੰਡ ਦੇ ਜਸਵਿੰਦਰ ਸਿੰਘ ਕਾਕਾ ਗਿੱਲ (ਕੈਨੇਡੀਅਨ) ਨੇ ਇਸ ਪ੍ਰਰੋਗਰਾਮ 'ਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਛੋਟੇ ਤੇ ਪ੍ਰਭਾਵਸ਼ਾਲੀ ਪ੍ਰਰੋਗਰਾਮ 'ਚ ਨਵਜੰਮੀਆਂ ਬੱਚੀਆਂ ਨੂੰ ਗਰਮ ਸੂਟ, ਖਿਡੌਣੇ ਤੇ ਰਿਊੜੀਆਂ ਦੇ ਪੈਕਟ ਵੰਡੇ ਗਏ । ਸਕੂਲ ਦੀਆਂ ਬੱਚੀਆਂ ਵੱਲੋਂ ਇਨਕਲਾਬੀ ਗੀਤ ਤੇ ਸਮਾਜ ਸੁਧਾਰਕ ਸਕਿੱਟਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਇਸ ਪ੍ਰਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾਏ। ਕੇਂਦਰ ਸਰਕਾਰ ਵੱਲੋਂ ਆਪਣੇ ਸੌੜੇ ਹਿਤਾਂ ਲਈ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾ ਦੀਆਂ ਕਾਪੀਆਂ, ਇਸ ਲੋਹੜੀ ਅੰਦਰ ਪਿੰਡ ਦੀਆਂ ਅੌਰਤਾਂ ਅਤੇ ਕਿਸਾਨਾਂ ਵੱਲੋਂ ਸਾੜੀਆਂ ਗਈਆਂ।

ਇਸ ਮੌਕੇ ਰਾਜਾ ਸਿੰਘ ਧਾਲੀਵਾਲ, ਸਤਪਾਲ ਜੇਠੀ, (ਸਾਬਕਾ ਸਰਪੰਚ) ਜਗਦੇਵ ਕੁਮਾਰ, ਸਰਪੰਚ ਗੁਰਬਾਜ ਸਿੰਘ, ਸੁਖਪਾਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਚੁਹਾਣਕੇ ਵਾਲੇ, ਵਕੀਲ ਸਿੰਘ, ਜਗਸੀਰ ਸਿੰਘ ਜੱਸੀ, ਗੁਰਤੇਜ ਸਿੰਘ ਨੰਬਰਦਾਰ, ਆਂਗਣਵਾੜੀ ਵਰਕਰ ਮਦਨ ਮੂਰਤੀ, ਜੀਵਨ ਕੌਰ, ਪਰਮਜੀਤ ਕੌਰ ,ਸਿਮਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੀਆਂ ਅੌਰਤਾਂ ਤੇ ਬੱਚੀਆਂ ਸ਼ਾਮਲ ਸਨ। ਪ੍ਰਰੋਗਰਾਮ ਦੀ ਸਟੇਜ ਦਾ ਸੰਚਾਲਨ ਮੱਖਣ ਮਿੱਤਲ ਸਹਿਣਾ ਵੱਲੋਂ ਬਾਖੂਬੀ ਕੀਤਾ ਗਿਆ। ਸਟੇਜ ਸੰਚਾਲਨ ਦੇ ਨਾਲੋ ਨਾਲ ਸਮਾਜ ਸੁਧਾਰਕ ਗੀਤ ਪੇਸ਼ ਕਰਕੇ ਲੋਕਾਂ ਦਾ ਭਰਪੂਰ ਮਨੋਰੰਜਨ ਵੀ ਕੀਤਾ।