ਜੇਐੱਨਐੱਨ, ਸੰਗਰੂਰ : ਇਕ ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੀ ਜਾਨ ਖ਼ਤਰੇ 'ਚ ਪੈ ਗਈ ਹੈ। ਦੰਦਾਂ 'ਚ ਦਰਦ ਤੋਂ ਪਰੇਸ਼ਾਨ ਹੋ ਕੇ ਇਲਾਜ ਲਈ ਸੰਗਰੂਰ ਸ਼ਹਿਰ ਦੇ ਨਿੱਜੀ ਕਲੀਨਿਕ 'ਚ ਜਾਂਚ ਕਰਵਾਉਣ ਪਹੁੰਚੀ ਲੜਕੀ ਡਾਕਟਰ ਦੀ ਲਾਪਰਵਾਹੀ ਦੀ ਸ਼ਿਕਾਰ ਹੋ ਗਈ। ਦੰਦਾਂ ਦੇ ਇਲਾਜ ਦੌਰਾਨ ਡਾਕਟਰ ਦੇ ਹੱਥੋਂ ਸੂਈ (Needle) ਤਿਲਕ ਗਈ ਤੇ ਇਹ ਪੇਟ 'ਚ ਜਾ ਪੁੱਜੀ। ਹੁਣ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਚੰਡੀਗੜ੍ਹ ਪੀਜੀਆਈ 'ਚ ਭਰਤੀ ਕਰਵਾਇਆ ਗਿਆ ਹੈ ਤੇ ਡਾਕਟਰ Needle ਨੂੰ ਉਸ ਦੇ ਪੇਟ 'ਚੋਂ ਕੱਢਣ ਦੀ ਜੁਗਤ ਲੜਾ ਰਹੇ ਹਨ ਪਰ ਇਸ ਪ੍ਰਕਿਰਿਆ 'ਚ ਲੜਕੀ ਦੀ ਜਾਨ ਨੂੰ ਖ਼ਤਰਾ ਹੈ।

ਲੜਕੀ ਨੂੰ ਸੰਗਰੂਰ ਤੋਂ ਬਾਅਦ ਪਟਿਆਲਾ ਤੇ ਫਿਰ ਪੀਜੀਆਈ 'ਚ ਭਰਤੀ ਕਰਵਾਇਆ ਗਿਆ ਹੈ। ਪੇਟ 'ਚੋਂ ਸੂਈ ਕੱਢਣੀ ਡਾਕਟਰਾਂ ਲਈ ਮੁਸੀਬਤ ਬਣ ਚੁੱਕੀ ਹੈ। ਐਕਸਰੇਅ 'ਚ ਸੂਈ ਲੜਕੀ ਦੇ ਪੇਟ 'ਚ ਦਿਖਾਈ ਦੇ ਰਹੀ ਹੈ, ਉਹ ਪੀਜੀਆਈ 'ਚ ਤਿੰਨ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ। ਪੀੜਤ ਲੜਕੀ ਦੇ ਪਰਿਵਾਰ ਨੇ ਥਾਣੇ 'ਚ ਦੰਦਾਂ ਦੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਡਾਕਟਰ ਨੇ ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਦੀ ਗੱਲ ਕਹਿ ਕੇ ਇਸ ਮਾਮਲੇ 'ਚ ਪੱਲਾ ਝਾੜ ਲਿਆ ਹੈ।

ਪੀਜੀਆਈ ਦੇ ਡਾਕਟਰ ਕੱਢਣ 'ਚ ਜੁਟੇ, ਇੰਡੋਸਕੋਪੀ ਰਾਹੀਂ ਕੱਢਣ ਦੀ ਦਿੱਤੀ ਸਲਾਹ

ਸੰਗਰੂਰ ਨਿਵਾਸੀ ਸੋਹਨ ਸਿੰਘ ਦੀ ਧੀ ਰਮਨਦੀਪ ਕੌਰ 8 ਦਸੰਬਰ ਨੂੰ ਸ਼ਹਿਰ ਦੇ ਇਕ ਨਿੱਜੀ ਦੰਦਾਂ ਦੇ ਕਲੀਨਿਕ 'ਚ ਇਲਾਜ ਕਰਵਾਉਣ ਪੁੱਜੀ ਸੀ। ਇਸ ਦੌਰਾਨ ਡਾਕਟਰ ਇਕ ਸੂਈ ਨਾਲ ਰਮਨਦੀਪ ਕੌਰ ਦੇ ਦੰਦਾਂ ਦਾ ਇਲਾਜ ਕਰ ਰਹੀ ਸੀ। ਅਚਾਨਕ ਹੀ ਡਾਕਟਰ ਦੇ ਹੱਥੋਂ ਸੂਈ ਤਿਲਕ ਗਈ ਤੇ ਰਮਨਦੀਪ ਦੇ ਗਲ਼ੇ ਤੋਂ ਹੇਠਾਂ ਉਤਰ ਗਈ। ਇਸ ਨਾਲ ਉਸ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਲੱਗੀ।

ਰਮਨਦੀਪ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਦਾ ਪਰਿਵਾਰ ਰਮਨਦੀਪ ਨੂੰ ਤੁਰੰਤ ਸ਼ਹਿਰ ਦੇ ਇਕ ਨਿੱਜੀ ਈਐੱਨਟੀ ਡਾਕਟਰ ਕੋਲ ਲੈ ਕੇ ਪੁੱਜੀ ਜਿੱਥੇ ਉਸ ਨੇ ਲੜਕੀ ਦਾ ਐਕਸਰੇ ਕਰਵਾਇਆ ਤਾਂ ਦੇਖਿਆ ਕਿ ਸੂਈ ਛਾਤੀ ਤਕ ਪਹੁੰਚ ਗਈ ਹੈ। ਫਿਰ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਇੱਥੇ ਡਾਕਟਰਾਂ ਨੇ ਸਲਾਹ ਦਿੱਤੀ ਕਿ ਇੰਡੋਸਕੋਪੀ ਦੀ ਮਦਦ ਨਾਲ ਸੂਈ ਕੱਢੀ ਜਾ ਸਕਦੀ ਹੈ ਪਰ ਰਾਜਿੰਦਰਾ 'ਚ ਇਸ ਦੇ ਲਈ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਪੀਜੀਆਈ ਰੈਫਰ ਕਰ ਦਿੱਤਾ।

ਸੋਹਨ ਸਿੰਘ ਨੇ ਦੱਸਿਆ ਕਿ 8 ਦਸੰਬਰ ਦੀ ਰਾਤ ਪੀਜੀਆਈ 'ਚ ਜ਼ੇਰੇ ਇਲਾਜ ਹਨ ਪਰ ਹੁਣ ਤਕ ਡਾਕਟਰ ਸੂਈ ਪੇਟ 'ਚੋਂ ਕੱਢ ਨਹੀਂ ਸਕੇ ਹਨ। ਸੂਈ ਨੂੰ ਇੰਡੋਸਕੋਪੀ ਦੀ ਮਦਦ ਨਾਲ ਕੱਢਣ 'ਚ ਵੀ ਡਾਕਟਰਾਂ ਨੇ ਅਸਮਰਥਤਾ ਜ਼ਾਹਿਰ ਕਰ ਦਿੱਤੀ ਹੈ। ਸੋਹਨ ਸਿੰਘ ਨੇ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਲਈ ਸਿਵਲ ਸਰਜਨ ਸੰਗਰੂਰ ਨੂੰ ਸ਼ਿਕਾਇਤ ਦਿੱਤੀ ਹੈ। ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਗੁਰਭਜਨ ਸਿੰਘ ਨੇ ਕਿਹਾ ਕਿ ਮਾਮਲਾ ਸਿਹਤ ਵਿਭਾਗ ਨਾਲ ਸਬੰਧਤ ਹੈ, ਉੱਥੇ ਹੀ ਕਾਰਵਾਈ ਕਰੇਗਾ।

Posted By: Seema Anand