ਅਸ਼ਵਨੀ ਸੋਢੀ, ਮਾਲੇਰਕੋਟਲਾ : ਏਸ਼ੀਆ ਦੀ ਸਭ ਤੋਂ ਵੱਡੀ ਈਦਗਾਹ 'ਚ ਦੋ ਸਾਲ ਬਾਅਦ ਮੁਸਲਿਮ ਭਾਈਚਾਰੇ ਨੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ। ਮੁਫਤੀ-ਏ-ਆਜਮ ਪੰਜਾਬ ਮੌਲਾਨਾ ਇਰਤਕਾ-ਉਲ-ਹਸਨ ਕਾਂਧਲਵੀ ਨੇ ਮੁਸਲਮ ਭਾਈਚਾਰੇ ਨੂੰ ਨਮਾਜ਼ ਅਦਾ ਕਰਵਾਉਣ ਉਪਰੰਤ ਸੰਸਾਰ 'ਚ ਭਾਈਚਾਰੇ, ਅਮਨ-ਸ਼ਾਂਤੀ ਅਤੇ ਮਾਨਵਤਾ ਦੇ ਭਲੇ ਲਈ ਦੁਆ ਕੀਤੀ ਤੇ ਲੋਕਾਂ ਨੂੰ ਆਲਾ-ਦੁਆਲਾ ਸਾਫ ਰੱਖਣ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਮੁਸਲਿਮ ਭਾਈਚਾਰੇ ਨੂੰ ਪਵਿੱਤਰ ਈਦ ਦੀਆਂ ਮੁਬਾਰਕਾਂ ਦੇਣ ਲਈ ਪ੍ਰਸ਼ਾਸਨ ਵੱਲੋਂ ਏ.ਡੀ.ਸੀ (ਜਨਰਲ) ਰਾਜੇਸ਼ ਤਿ੍ਪਾਠੀ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਗੁਲਾਮ ਹੁਸੈਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।

ਈਦਗਾਹ ਦੇ ਮੀਨਾਰ 'ਤੋਂ ਮੁਸਲਿਮ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਵਾਲਿਆਂ ਵਿਚ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪੀ.ਏ. ਮੁਹੰਮਦ ਤਾਰਿਕ, ਨਗਰ ਸੁਧਾਰ ਟਰੱਸਟ ਮਾਲੇਰਕੋਟਲਾ ਦੇ ਚੇਅਰਮੈਨ ਚੌਧਰੀ ਮੁਹੰਮਦ ਬਸੀਰ, ਮਾਰਕੀਟ ਕਮੇਟੀ ਦੇ ਚੇਅਰਮੈਨ ਇਕਬਾਲ ਲਾਲਾ, ਬਲਾਕ ਕਾਂਗਰਸ ਪ੍ਰਧਾਨ ਤੇ ਕੌਂਸਲਰ ਮਹਿੰਦਰ ਸਿੰਘ ਪਰੂਥੀ, ਨਗਰ ਕੌਂਸਲ ਪ੍ਰਧਾਨ ਬੇਗਮ ਨਸਰੀਨ ਦੇ ਪਤੀ ਮੁਹੰਮਦ ਅਸ਼ਰਫ ਅਬਦੁਲਾ, ਹੱਜ ਕਮੇਟੀ ਦੇ ਚੇਅਰਮੈਨ ਅਬਦੁਲ ਰਸ਼ੀਦ ਖਿਲਜ਼ੀ ਅਤੇ ਈਦਗਾਹ ਇੰਤਜ਼ਾਮੀਆ ਕਮੇਟੀ ਦੇ ਸਾਰੇ ਅਹੁਦੇਦਾਰ ਸ਼ਾਮਲ ਸਨ। ਪ੍ਰਬੰਧਕਾਂ ਵੱਲੋਂ ਕਰੋਨਾ ਨਿਯਮਾਂ ਦੀ ਪਾਲਣਾ ਹਿੱਤ ਮਾਸਕ ਤੇ ਸੈਨੇਟਾਈਜਰ ਦੇ ਪ੍ਰਬੰਧ ਕੀਤੇ। ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਈਦਗਾਹਾਂ ਸਮੇਤ ਪਿੰਡਾਂ ਦੀਆਂ ਈਦਗਾਹਾਂ ਤੇ ਮਸਜਿਦਾਂ ਵਿਚ ਵੀ ਮੁਸਲਿਮ ਭਰਾਵਾਂ ਨੇ ਈਦ ਦੀ ਨਮਾਜ਼ ਅਦਾ ਕੀਤੀ।