ਸੰਦੀਪ ਸਿੰਗਲਾ, ਧੂਰੀ :

ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਅੱਜ ਨਵੀਨੀਕਰਨ ਤੋਂ ਬਾਅਦ ਤਿਆਰ ਹੋਏ ਸਥਾਨਕ ਬੱਸ ਸਟੈਂਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਨੇ ਦੱਸਿਆ ਕਿ 15 ਲੱਖ ਰੁਪਏ ਦੀ ਲਾਗਤ ਨਾਲ ਬੱਸ ਅੱਡੇ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਤਹਿਤ ਬੱਸ ਅੱਡੇ 'ਚ ਇੰਟਰਲਾਕ ਟਾਈਲਾਂ ਦਾ ਫਰਸ਼ ਅਤੇ ਮੁਸਾਫਿਰਾਂ ਦੀ ਸਹੁੂਲਤ ਲਈ ਵਾਸ਼ਰੂਮ ਬਣਵਾਇਆ ਗਿਆ ਹੈ। ਵਿਧਾਇਕ ਨੇ ਬੱਸ ਅੱਡਾ ਸ਼ਹਿਰੋਂ ਬਾਹਰ ਜਾਣ ਦੀ ਚਰਚਾ 'ਤੇ ਵਿਰਾਮ ਲਗਾਉਂਦਿਆਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਬੱਸ ਅੱਡਾ ਬਾਹਰ ਜਾਣ ਦੀ ਸੂਰਤ ਵਿਚ ਲੋਕਾਂ ਦਾ ਵਪਾਰ ਪ੍ਰਭਾਵਿਤ ਹੋਣ ਨੂੰ ਦੇਖਦਿਆਂ ਪੁਰਾਣੇ ਬੱਸ ਅੱਡੇ ਦਾ ਹੀ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਂਦਿਆਂ ਰਹਿੰਦੀਆਂ ਗਲੀਆਂ ਨੂੰ ਵੀ ਪੱਕਾ ਕੀਤਾ ਜਾਵੇਗਾ।

ਕਿਸਾਨ ਵਿਰੋਧੀ ਆਰਡੀਨੈਂਸ ਦੇ ਮੁੱਦੇ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਵਿਧਾਇਕ ਗੋਲਡੀ ਨੇ ਕਿਹਾ ਕਿ ਦੂਜੀਆਂ ਵਿਰੋਧੀ ਪਾਰਟੀਆਂ ਦੀ ਨਿਸਬਤ ਕਾਂਗਰਸ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਤੀ ਵਿਰੋਧੀ ਆਰਡੀਨੈਂਸਾਂ ਦਾ ਡੱਟਵਾਂ ਵਿਰੋਧ ਕਰ ਰਹੀ ਹੈ, ਕਿਉਂਕਿ ਜੇਕਰ ਮੰਡੀਕਰਨ ਟੁੱਟਦਾ ਹੈ ਤਾਂ ਪੂਰਾ ਅਰਥਚਾਰਾ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦਾ ਸਮਰਥਨ ਮੁੱਲ ਖਤਮ ਕਰ ਕੇ ਅਮੀਰ ਘਰਾਣਿਆਂ ਕੋਲ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵੇਚਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਕਥਿਤ ਘਪਲੇ ਬਾਰੇ ਪੁੱਛੇ ਜਾਣ 'ਤੇ ਵਿਧਾਇਕ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਸੱਤਾਧਾਰੀ ਧਿਰ ਨੂੰ ਬਦਨਾਮ ਕਰਨਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਨੀਸ਼ ਗਰਗ, ਹਨੀ ਤੂਰ, ਬਲਵੰਤ ਸਿੰਘ, ਆਸ਼ਾ ਰਾਣੀ ਲੱਧਣ ਸਾਬਕਾ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਲੱਧੜ, ਪ੍ਰਰੇਮ ਠੇਕੇਦਾਰ ਅਤੇ ਕੁਨਾਲ ਗਰਗ ਵੀ ਹਾਜ਼ਰ ਸਨ।

-----