ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜਮਹੂਰੀ ਅਧਿਕਾਰ ਸਭਾ, ਪੰਜਾਬ ਜ਼ਿਲ੍ਹਾ ਬਰਨਾਲਾ ਦੇ ਸੱਦੇ 'ਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਪਿੰਡ ਚੰਗਾਲੀਵਾਲਾ 'ਚ ਹੈਂਕੜਬਾਜ਼ ਜਗੀਰੂ ਉੱਚ ਜਾਤੀ ਦੇ ਕੁਝ ਅਨਸਰਾਂ ਵੱਲੋਂ ਇਕ ਦਲਿਤ ਨੌਜਵਾਨ ਨੂੰ ਤਸੀਹੇ ਦੇ ਕੇ ਮੌਤ ਦੇ ਮੂੰਹ ਸੁੱਟਣ ਦੀ ਘਟਨਾ ਸਬੰਧੀ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਬਰਨਾਲਾ ਨੂੰ ਸੌਂਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮੁਲਜ਼ਮਾਂ ਦਾ ਅਦਾਲਤ 'ਚ ਕੇਸ ਚਲਾ ਕੇ ਜਲਦ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਦਲਿਤਾਂ ਉੱਪਰ ਹੋ ਰਹੇ ਸਮਾਜਿਕ ਜਬਰ ਨੂੰ ਨੱਥ ਪਾਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਸਮੇਂ ਬੁਲਾਰਿਆਂ ਗੁਰਮੇਲ ਸਿੰਘ ਠੁੱਲ੍ਹੀਵਾਲ, ਹਰਚਰਨ ਸਿੰਘ ਚਹਿਲ, ਸੋਹਣ ਸਿੰਘ ਮਾਝੀ, ਦਰਸ਼ਨ ਸਿੰਘ ਉੱਗੋਕੇ, ਜਰਨੈਲ ਸਿੰਘ ਬਦਰਾ, ਕਰਮਜੀਤ ਸਿੰਘ ਬੀਹਲਾ, ਪ੍ਰੇਮਪਾਲ ਕੌਰ, ਪਰਮਜੀਤ ਕੌਰ ਜੋਧਪੁਰ, ਇਕਬਾਲ ਕੌਰ ਉਦਾਸੀ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਰੂੜੇਕੇ, ਹਰਮਨਦੀਪ ਹਿੰਮਤਪੁਰਾ, ਖੁਸ਼ੀਆ ਸਿੰਘ, ਜਗਰਾਜ ਟੱਲੇਵਾਲ ਆਦਿ ਨੇ ਘਟਨਾ ਦੀ ਵਿਸਥਾਰ 'ਚ ਚਰਚਾ ਕਰਦਿਆਂ ਕਿਹਾ ਗਿਆ ਕਿ ਕੁਝ ਦਿਨ ਪਹਿਲਾਂ ਜਗਮੇਲ ਸਿੰਘ ਦਾ ਪਿੰਡ ਦੇ ਕੁੱਝ ਉੱਚ ਜਾਤੀ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ। ਝਗੜੇ 'ਚ ਜਗਮੇਲ ਸਿੰਘ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੁਲਜ਼ਮਾਂ ਖ਼ਿਲਾਫ਼ ਪੁਲਿਸ ਥਾਣਾ ਲਹਿਰਾਗਾਗਾ 'ਚ ਸ਼ਕਾਇਤ ਦਰਜ ਕਰਵਾਈ ਗਈ ਸੀ, ਪਰ ਪੁਲਿਸ ਨੇ ਦੋਸ਼ੀਆਂ ਦਾ ਪੱਖ ਪੂਰਦਿਆਂ ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਦਲਿਤ ਪਰਿਵਾਰ ਉੱਪਰ ਦਬਾਅ ਪਾ ਕੇ ਸਮਝੌਤਾ ਕਰਨ ਦਾ ਮੌਕਾ ਦਿੱਤਾ। ਇਸ ਆਗੂਆਂ ਨੇ ਮੁਲਜ਼ਮਾਂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਦੀਆਂ ਬਣਦੀਆਂ ਸਖ਼ਤ ਧਾਰਾਵਾਂ ਲਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਸਜ਼ਾ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ।