ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬੀ ਸੱਭਿਆਚਾਰ 'ਚ ਦਿਨਂੋ-ਦਿਨ ਆ ਰਹੇ ਨਿਘਾਰ ਨੂੰ ਠੱਲ੍ਹ ਪਾਉਣ ਨੂੰ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੀ ਸੋਚ 'ਤੇ ਪਹਿਰਾ ਦਿੰਦਿਆਂ ਉਪ ਜ਼ਿਲ੍ਹਾ ਪੁਲਿਸ ਮੁਖੀ ਸੁਖਦੇਵ ਸਿੰਘ ਵਿਰਕ ਨੇ ਜ਼ਿਲ੍ਹਾ ਬਰਨਾਲਾ ਦੇ ਸੰਗੀਤਕਾਰਾਂ ਨਾਲ ਇਕ ਮੀਟਿੰਗ ਕੀਤੀ। ਇਸ 'ਚ ਉਨ੍ਹਾਂ ਨੇ ਸਖ਼ਤ ਤਾੜਨਾ ਕਰਦਿਆਂ ਸ਼ਰਾਬ, ਹਥਿਆਰਾਂ ਸਣੇ ਹੋਰ ਮਾਰਧਾੜ ਤੇ ਗੈਂਗੇਸਟਰਾਂ ਨੂੰ ਪ੍ਰਫੁੱਲਤ ਕਰਨ ਵਾਲੇੇ ਗੀਤਾਂ 'ਤੇ ਪਾਬੰਦੀ ਸਬੰਧੀ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬੀ ਅਮੀਰ ਵਿਰਸੇ ਦੀਆਂ ਗੀਤਕਾਰ ਤੇ ਸੰਗੀਤਕਾਰਾਂ ਨਾਲ ਗੱਲਾਂ ਕਰਦਿਆਂ ਉਨ੍ਹਾਂ ਨੂੰ ਵਿਰਸੇ ਨਾਲ ਜੁੜਨ ਵਾਲੇ ਪੰਜਾਬੀ ਗੀਤਾਂ ਨੂੰ ਪ੍ਰਮੋਟ ਕਰਨ ਤੇ ਰਿਕਾਰਡ ਕਰਨ ਦੇ ਲਈ ਹੰਭਲਾ ਮਾਰਨ ਦੀ ਕੋਸ਼ਿਸ਼ 'ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਡੀਜੇ ਮਾਲਕਾਂ ਤੇ ਅਪਰੇਟਰਾਂ ਨਾਲ ਵੀ ਮੀਟਿੰਗ ਕੀਤੀ। ਜਿੱਥੇ ਉਨ੍ਹਾਂ ਨੂੰ ਉਨ੍ਹਾਂ ਨੇ ਲੱਚਰ, ਭੜਕਾਊ, ਗੈਂਗੇਸਟਰਾਂ ਵਾਲੇ ਗੀਤ ਲਗਾਉਣ ਦੀ ਮਨਾਹੀ ਕੀਤੀ ਉੱਥੇ ਹੀ ਚਲਦੇ ਡੀਜੇ 'ਚ ਜੇਕਰ ਕੋਈ ਹਥਿਆਰ ਲੈ ਕੇ ਸਟੇਟ 'ਤੇ ਨੱਚਦਾ ਹੈ ਤਾਂ ਉਸ ਦੀ ਮੌਕੇ 'ਤੇ ਹੀ ਸਬੰਧਤ ਥਾਣੇ ਜਾਂ ਕੰਟਰੋਲ ਰੂਮ 'ਤੇ ਇਤਲਾਹ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਰਾਤ ਨੂੰ ਡੀਜੇ ਦਾ ਸਮਾਂ ਵੀ 10 ਵਜੇ ਤੱਕ ਨਿਸ਼ਚਿਤ ਕੀਤਾ। ਇਸ ਮੌਕੇ ਉੱਘੇ ਸੰਗੀਤਕਾਰ ਮਿਊਜ਼ਿਕ ਅੰਪਰਾਇਰ, ਪਾਲ ਸਿੱਧੂ, ਕੇ ਵੀ ਸਿੰਘ, ਹਾਰਵੀ, ਗੈਗੀਜੀ, ਜੇਆਰ ਸਟੂਡੀਓ ਆਦਿ ਹਾਜ਼ਰ ਸਨ।