ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਸਥਾਨਕ ਸ਼ਹਿਰ ਦਿੜ੍ਹਬਾ ਦੇ ਸਬ-ਡਵੀਜ਼ਨ ਦਫ਼ਤਰ ਦਿੜ੍ਹਬਾ ਵਿਖੇ ਪਵਿੱਤਰ ਸਿੰਘ ਐੱਸਡੀਐੱਮ ਦਿੜ੍ਹਬਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੋਡ ਸੁਰੱਖਿਆ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਨਵ ਗਠਿਤ ਕਮੇਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ। ਪਵਿੱਤਰ ਸਿੰਘ ਐੱਸਡੀਐੱਮ ਦਿੜ੍ਹਬਾ ਵੱਲੋਂ ਮੀਟਿੰਗ ਦੌਰਾਨ ਸੜਕ ਸੁਰੱਖਿਆ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਸੜਕ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੇ ਸਕੂਲਾਂ ਵਿਚ ਵੱਧ ਤੋਂ ਵੱਧ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਮਿੰਨੀ ਬੱਸਾਂ ਦੀ ਟੈ੍ਫਿਕ ਦੌਰਾਨ ਆਉਂਦੀਆਂ ਅੜਚਨਾ ਨੂੰ ਦੂਰ ਕਰਨ ਲਈ ਰੂਟ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਅੰਦਰ ਆਮ ਲੋਕਾਂ ਨੂੰ ਆ ਰਹੀ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ, ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਸੜਕਾਂ ਉਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ। ਇਸ ਮੌਕੇ ਟ੍ਰੈਫਿਕ ਇੰਚਾਰਜ ਵਰਿੰਦਰ ਕੁਮਾਰ, ਕੁਲਭੂਸ਼ਨ ਗੋਇਲ, ਰਣਜੀਤ ਸਿੰਘ ਸਟੈਨੋ, ਗੁਰਬੰਸ ਸਿੰਘ ਨਾਇਬ ਤਹਿਸੀਲਦਾਰ ਦਿੜ੍ਹਬਾ, ਅਮਰੀਕ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।