ਬੂਟਾ ਸਿੰਘ ਚੌਹਾਨ, ਸੰਗਰੂਰ : ਕੁਸ਼ਟ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀਆਂ ਨਾਲ ਸਮਾਜ ਨੂੰ ਹਮੇਸ਼ਾ ਚੰਗਾ ਵਤੀਰਾ ਅਪਣਾਉਣਾ ਚਾਹੀਦਾ ਹੈ ਤਾਂ ਕਿ ਪੀੜਤ ਵਿਅਕਤੀ ਮਾਨਸਿਕ ਪੱਖੋਂ ਤਕੜਾ ਹੋ ਕੇ ਬਿਮਾਰੀ ਨੂੰ ਮਾਤ ਦੇ ਸਕੇ ਅਤੇ ਆਮ ਵਿਅਕਤੀ ਵਾਂਗ ਜੀਵਨ ਬਤੀਤ ਕਰ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ. ਮਨਜੀਤ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਕੁਸ਼ਟ ਆਸ਼ਰਮ ਸੰਗਰੂਰ ਵਿਖੇ ਕੁਸ਼ਟ ਪੀੜਤਾਂ ਨੂੰ ਬੂਟ ਵੰਡਣ ਮੌਕੇ ਕੀਤਾ। ਇਸ ਮੌਕੇ 50 ਦੇ ਕਰੀਬ ਵਿਅਕਤੀਆਂ ਨੂੰ ਬੂਟ ਵੰਡੇ ਗਏ।

ਡਾ. ਮਨਜੀਤ ਨੇ ਦਸਿਆ ਕਿ ਕੁਸ਼ਟ ਜਾਂ ਕੋਹੜ ਰੋਗ ਇਲਾਜਯੋਗ ਹੈ ਅਤੇ ਇਸ ਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਮੱੁਢਲੀ ਅਵਸਥਾ ਵਿਚ ਇਸ ਦੇ ਚਿੰਨ੍ਹਾਂ ਦੀ ਪਛਾਣ ਕਰਕੇ ਤੁਰੰਤ ਇਲਾਜ ਕਰਵਾਇਆ ਜਾਵੇ। ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਮੁਫ਼ਤ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਅਪ੍ਰਰੈਲ-ਮਈ 2019 ਦੌਰਾਨ ਜ਼ਿਲ੍ਹੇ ਵਿਚੋਂ ਕੁਸ਼ਟ ਦੇ 6 ਨਵੇਂ ਕੇਸ ਲਭੇ ਗਏ ਹਨ ਅਤੇ ਮੌਜੂਦਾ ਸਮੇਂ ਕੁਲ 13 ਕੁਸ਼ਟ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਮੌਕੇ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਪੂਰਾ ਇਲਾਜ ਸ਼ੁਰੂ ਵਿਚ ਹੀ ਕਰਵਾ ਲੈਣਾ ਚਾਹੀਦਾ ਹੈ। ਇਸ ਦੇ ਇਲਾਜ ਦਾ ਸਮਾਂ 6 ਮਹੀਨੇ ਜਾਂ 12 ਮਹੀਨੇ ਹੁੰਦਾ ਹੈ। ਇਸ ਮੌਕੇ ਹਰਪਾਲ ਕੌਰ ਅਤੇ ਜ਼ਿਲ੍ਹਾ ਮਾਸ ਮੀਡੀਆ ਵਿੰਗ ਤੋਂ ਵਿਕਰਮ ਸਿੰਘ ਮੌਜੂਦ ਸਨ।