ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਰੜ ਵਿਖੇ ਵਿਆਹੁਤਾ ਔਰਤ ਨੇ ਖ਼ੁਦ ਨੂੰ ਅੱਗ ਲਾ ਲਈ ਸੀ, ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਿ੍ਤਕਾ ਦੇ ਪਿਤਾ ਦਰਸ਼ਨ ਸਿੰਘ ਵਾਸੀ ਗੰਗੋਹਰ ਨੇ ਦੱਸਿਆ ਕਿ ਧੀ ਅਮਨਦੀਪ ਕੌਰ (32) ਦਾ ਵਿਆਹ ਸਾਢੇ ਛੇ ਸਾਲ ਪਹਿਲਾਂ ਪਿੰਡ ਕੁਰੜ ਵਾਸੀ ਰਣਦੀਪ ਸਿੰਘ ਨਾਲ ਹੋਇਆ ਸੀ। ਉਸ ਦੇ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਉਸ ਨੇ 20 ਜੂਨ ਨੂੰ ਖ਼ੁਦ ਨੂੰ ਅੱਗ ਲਗਾ ਲਈ ਸੀ। ਅੱਗ ਕਾਰਨ ਉਹ 95 ਫ਼ੀਸਦੀ ਤਕ ਝੁਲਸ ਗਈ ਸੀ ਤੇ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ ਹੈ।

ਉਨ੍ਹਾਂ ਦੱਸਿਆ ਮਿ੍ਤਕਾ ਆਪਣੇ ਪਿੱਛੇ ਸਾਢੇ ਪੰਜ ਸਾਲਾ ਪੁੱਤਰ ਛੱਡ ਗਈ ਹੈ। ਇਸ ਸਬੰਧੀ ਐੱਸਐੱਚਓ ਠੁੱਲੀਵਾਲ ਹਰਸਿਮਰਨਜੀਤ ਸਿੰਘ ਤੇ ਐੱਸਆਈ ਸੰਦੀਪ ਕੌਰ ਨੇ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਗੰਗੋਹਰ ਦੇ ਬਿਆਨਾਂ ਦੇ ਆਧਾਰ ਤੇ ਸਹੁਰਾ ਪਰਿਵਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮਿ੍ਤਕਾ ਦੇ ਪਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਤੇ ਬਾਕੀ ਮੁਲਜ਼ਮਾਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਸਿੰਘ ਮਹਿਲ ਖੁਰਦ, ਡਾ. ਅਮਰਜੀਤ ਸਿੰਘ ਕੁੱਕੂ, ਡਾ. ਬਲਦੇਵ ਸਿੰਘ ਧਨੇਰ ਤੇ ਸਰਪੰਚ ਸੁਖਵਿੰਦਰ ਸਿੰਘ ਗੰਗੋਹਰ ਨੇ ਮੁਲਜ਼ਮਾਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ।