ਸ਼ੰਭੂ ਗੋਇਲ, ਲਹਿਰਾਗਾਗਾ :

ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਜਿੱਥੇ ਹਰੇਕ ਵਰਗ ਦਾ ਲੋਕ ਕੇਂਦਰ ਸਰਕਾਰ ਖ਼ਿਲਾਫ਼ ਉੱਠ ਖਲੋਤਾ ਹੈ, ਉੱਥੇ ਆੜ੍ਹਤੀਆ ਐਸ਼ੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਸਿੰਗਲਾ ਦੀ ਅਗਵਾਈ ਵਿੱਚ ਲਹਿਰਾਗਾਗਾ ਦੇ ਦਰਜਨਾਂ ਆੜ੍ਹਤੀਏ ਦਿੱਲੀ ਕੂਚ ਕਰਨ ਲਈ ਲਹਿਰਾਗਾਗਾ ਤੋਂ ਰਵਾਨਾ ਹੋਏ।

ਪ੍ਰਧਾਨ ਸਿੰਗਲਾ ਨੇ ਦੱਸਿਆ ਕਿ ਲਹਿਰਗਾਗਾ ਤੋਂ ਸੁਰੇਸ਼ ਜਵਾਹਰਵਾਲੇ, ਸਤੀਸ਼ ਮਿੰਟੂ, ਨਰਾਤਾ ਰਾਮ ਫਤਿਹਗੜ੍ਹ, ਪ੍ਰਮੋਦ ਕੁਮਾਰ ਅਤੇ ਹੋਰ ਆੜ੍ਹਤੀਆਂ ਨੇ ਵੀ ਦਿੱਲੀ ਚੱਲੋ ਮਹਿਮ ਤਹਿਤ ਕਿਸਾਨਾਂ ਦਾ ਸਾਥ ਦਿੰਦੇ ਹੋਏ ਲਹਿਰਾਗਾਗੇ ਤੋਂ ਮੂਨਕ ਹੁੰਦੇ ਟੋਹਾਣੇ ਪਹੁੰਚੇ। ਹਰਿਆਣਾ ਸਰਕਾਰ ਨੇ ਰੋਕਣ ਲਈ 3 ਵੱਖ-ਵੱਖ ਥਾਵਾਂ 'ਤੇ ਕੰਡਿਆਲੀਆਂ ਤਾਰਾਂ ਅਤੇ ਵੱਡੇ-ਵੱਡੇ ਲੱਕੜ ਦੇ ਖੁੰਢਾਂ ਨਾਲ ਸੜਕਾਂ ਨੂੰ ਰੋਕਿਆ ਗਿਆ ਸੀ ਪਰ ਕਿਸਾਨਾਂ ਦੇ ਵਿਸ਼ਾਲ ਇਕੱਠ ਦਾ ਸਾਥ ਦਿੰਦਿਆਂ ਇਨ੍ਹਾਂ ਰੋਕਾਂ ਨੂੰ ਪਾਸੇ ਕੀਤਾ ਗਿਆ। ਆੜ੍ਹਤੀ ਆਗੂ ਸੁਰੇਸ਼ ਕੁਮਾਰ ਜਵਾਹਰ ਵਾਲਾ ਨੇ ਦੱਸਿਆ ਕਿ ਕਿਸਾਨੀ ਬਿੱਲ ਇਕੱਲੇ ਕਿਸਾਨਾਂ ਲਈ ਹੀ ਘਾਤਕ ਨਹੀਂ ਹਨ, ਉਨ੍ਹੇ ਹੀ ਆੜ੍ਹਤੀਆਂ ਅਤੇ ਮਜ਼ਦੂਰਾਂ ਲਈ ਵੀ ਨੁਕਸਾਨਦੇਹ ਹਨ। ਇਸ ਲਈ ਇਸ ਕਿਸਾਨੀ ਅੰਦੋਲਨ ਵਿੱਚ ਆੜ੍ਹਤੀਆ ਵਰਗ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ।