ਸੁਰਿੰਦਰ ਗੋਇਲ, ਸ਼ਹਿਣਾ : ਮੰਗਲਵਾਰ ਨੂੰ ਦੂਜੇ ਦਿਨ ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਸ਼ਹਿਣਾ ਵਲੋਂ ਆਪਣੀਆਂ ਮੰਗਾਂ ਸਬੰਧੀ ਬੀਡੀਪੀਓ ਦਫ਼ਤਰ ਸ਼ਹਿਣਾ ਵਿਖੇ ਬਲਾਕ ਪੱਧਰੀ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਏਪੀਓ ਹਰਦੇਵ ਸਿੰਘ, ਜੇਈ ਪਰਮਿੰਦਰ ਸਿੰਘ, ਏਜੀਐਮ ਜਗਤਾਰ ਮਿੱਤਲ, ਨਰੇਗਾ ਸਕੱਤਰ ਗੁਰਦੀਪ ਦਾਸ ਬਾਵਾ, ਜੁਲਫ ਅਲੀ, ਹਰਦੀਪ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਭੁਪਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਜਸਮੀਤ ਸਿੰਘ ਤੁੰਗ, ਸੁਖਚੈਨ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਦੀ ਡੰਗ ਟਪਾਓ, ਲਾਰਾ ਲਾਊ ਨੀਤੀ ਤੋਂ ਦੁੱਖੀ ਹੋ ਕੇ ਤਿੰਨ ਦਿਨ ਦਫ਼ਤਰੀ ਕੰਮ ਠੱਪ ਕਰਕੇ ਬਲਾਕ ਪੱਧਰ 'ਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਗਲੇ ਦੋ ਦਿਨ ਮੁੜ ਕੰਮ ਬੰਦ ਕਰਕੇ ਜ਼ਿਲਾ ਪੱਧਰੀ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਕੋਈ ਵੀ ਸਹੂਲਤ ਨਹੀਂ ਦੇ ਰਹੀ, ਜਦ ਕਿ ਦਫ਼ਤਰੀ ਕੰਮ ਪੂਰਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਢਾਈ ਸਾਲ ਬੀਤਣ ਉਪਰੰਤ ਵੀ ਪੂਰੇ ਨਹੀਂ ਕੀਤੇ, ਇਹੀ ਨਹੀਂ ਬਲਕਿ ਸਾਨੂੰ ਰੈਗੂਲਰ ਕਰਨ ਦੀ ਬਜਾਏ ਪੰਚਾਇਤ ਸਕੱਤਰਾਂ, ਸਟੈਨੋਗ੍ਰਾਫਰਾਂ ਨਵੀਂ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਰੈਗੂਲਰ ਦਾ ਕੇਸ ਦੋ ਵਾਰ ਪ੍ਰਰੋਸ਼ੋਨਲ ਵਿਭਾਗ ਨੂੰ ਭੇਜਿਆ ਵੀ ਜਾ ਚੁੱਕਾ ਹੈ, ਜੋ ਕਿ ਸਰਕਾਰ ਵਲੋਂ ਪੈਸੇ ਦੀ ਘਾਟ ਦਾ ਬਹਾਨਾ ਬਣਾ ਕੇ ਵਾਪਸ ਕਰ ਦਿੱਤਾ ਗਿਆ ਹੈ। ਪੇਂਡੂ ਵਿਕਾਸ ਤੇ ਪਚਾਇਤ ਵਿਭਾਗ 'ਚ ਇੰਪਲਾਈਜ਼ ਵੈੱਲਫੇਅਰ ਐਕਟ-2016 ਲਾਗੂ ਕਰਕੇ ਕੱਚੇ ਮੁਲਾਜ਼ਮ ਪੱਕੇ ਤੇ ਕੇਂਦਰ ਦੀ ਸਰਵ ਸਿੱਖਿਆ ਅਭਿਆਨ ਤੇ ਰਮਸਾ ਸਕੀਮ ਦੇ ਅਧਿਆਪਕ ਸਰਕਾਰ ਨੇ ਆਪਣੀ ਪਾਲਿਸੀ ਬਣਾ ਕੇ ਰੈਗੂਲਰ ਕੀਤੇ ਹਨ, ਜੋ ਮਨਰੇਗਾ ਮੁਲਾਜ਼ਮਾਂ 'ਤੇ ਵੀ ਇਨ-ਬਿਨ ਲਾਗੂ ਹੋ ਸਕਦੀ ਹੈ।

ਮਨਰੇਗਾ ਦਾ ਕੰਮ ਹੋਇਆ ਠੱਪ

ਮਨਰੇਗਾ ਕਰਮਚਾਰੀ ਯੂਨੀਅਨ ਦੀ ਹੜਤਾਲ ਦੇ ਚੱਲਦਿਆਂ ਬਲਾਕ ਦਫ਼ਤਰ ਅੰਦਰ ਮਨਰੇਗਾ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਮਨਰੇਗਾ ਤਹਿਤ ਬਲਾਕ ਦੇ ਲੋਕ ਕੰਮ ਕਰਵਾਉਣ ਆਏ ਖ਼ਾਲੀ ਹੱਥ ਵਾਪਸ ਮੁੜ ਰਹੇ ਹਨ। ਇਹ ਹੜਤਾਲ ਪੂਰਾ ਹਫ਼ਤਾ ਚੱਲਣ ਕਰਕੇ ਆਉਣ ਵਾਲੇ ਦਿਨਾਂ ਅੰਦਰ ਹੋਰ ਵੀ ਵੱਡੀ ਪੱਧਰ 'ਤੇ ਕੰਮ ਪ੍ਰਭਾਵਿਤ ਹੋਣ ਦੇ ਆਸਾਰ ਬਣ ਰਹੇ ਹਨ।