ਪੰਜਾਬੀ ਜਾਗਰਣ ਟੀਮ, ਸੰਗਰੂਰ : ਘਨੌਰੀ ਨੇੜੇ ਸਥਿਤ ਪਿੰਡ ਅਨਦਾਨਾ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕਹੀ ਨਾਲ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮਿ੍ਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਖਨੌਰੀ 'ਚ ਉਸ ਦੇ ਜੀਜਾ, ਜੀਜੇ ਦੇ ਦੋ ਭਰਾਵਾਂ ਅਤੇ ਭਾਬੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹਨ।

ਮਿ੍ਤਕਾ ਦੇ ਭਰਾ ਗਿਆਨ ਸਿੰਘ ਪੁੱਤਰ ਗਿੱਡਾ ਰਾਮ ਵਾਸੀ ਅਰਨੇਟੂ ਥਾਣਾ ਘੱਗਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਮੱਖੋ ਦੇਵੀ (45) ਦਾ ਵਿਆਹ ਪਿੰਡ ਅਨਦਾਨਾ ਦੇ ਜੋਗਿੰਦਰ ਸਿੰਘ ਪੱਤਰ ਬਾਹਲਾ ਰਾਮ ਨਾਲ 21 ਸਾਲ ਪਹਿਲਾਂ ਹੋਇਆ ਸੀ। ਉਸ ਦੀ ਭੈਣ ਦੇ ਤਿੰਨ ਬੱਚੇ ਪੈਦਾ ਹੋਏ। ਉਸ ਦਾ ਜੀਜਾ ਜੋਗਿੰਦਰ ਸਿੰਘ ਉਸ ਦੀ ਭੈਣ ਮੱਖੋ ਦੇਵੀ 'ਤੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ ਜਿਸ ਦੇ ਲਈ ਉਹ ਅਕਸਰ ਉਸ ਦੀ ਭੈਣ ਨਾਲ ਝਗੜਾ ਕਰਦਾ ਰਹਿੰਦਾ ਸੀ। ਕਈ ਵਾਰ ਪਰਿਵਾਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਾ ਨਿਕਲਿਆ। ਇਸੇ ਸ਼ੱਕ ਕਾਰਨ ਉਸ ਦੇ ਜੀਜੇ ਜੋਗਿੰਦਰ ਸਿੰਘ ਨੇ ਆਪਣੇ ਭਰਾ ਨੰਦ ਲਾਲ, ਪੁਵਾ ਰਾਮ ਤੇ ਭਾਬੀ ਬੀਰੋ ਦੇਵੀ ਨਾਲ ਮਿਲ ਕੇ ਮੱਖੋ ਦੇਵੀ ਦਾ ਸੋਮਵਾਰ ਰਾਤ ਨੂੰ ਕਹੀ ਮਾਰ ਕੇ ਕਤਲ ਕਰ ਦਿੱਤਾ। ਇਸ ਦੀ ਸੂਚਨਾ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਮਿਲੀ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ 'ਤੇ ਥਾਣਾ ਖਨੌਰੀ ਪੁਲਿਸ ਤੇ ਡੀਐੱਸਪੀ ਮੂਨਕ ਅਜੈਪਾਲ ਸਿੰਘ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ।

ਇਸ ਮੌਕੇ ਡੀਐੱਸਪੀ ਅਜੈਪਾਲ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਜੀਜੇ ਜੋਗਿੰਦਰ ਸਿੰਘ, ਜੀਜੇ ਦੇ ਭਰਾ ਨੰਦ ਲਾਲ ਤੇ ਪੁਵਾ ਰਾਮ, ਭਾਬੀ ਬੀਰੋ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮੌਕੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਸਰੀਰ 'ਤੇ ਕਈ ਜਗ੍ਹਾ ਕਹੀ ਨਾਲ ਕੀਤੇ ਗਏ ਵਾਰ ਦੇ ਨਿਸ਼ਾਨ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ, ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ।