ਸੁਰਿੰਦਰ ਗੋਇਲ, ਸ਼ਹਿਣਾ : ਪੰਜਾਬ 'ਚ ਨਸ਼ਿਆਂ ਦਾ ਵਹਿ ਰਿਹਾ ਨਸ਼ਿਆਂ ਦਾ ਦਰਿਆ ਹਰ ਰੋਜ਼ ਨੌਜਵਾਨਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਥਾਣਾ ਸ਼ਹਿਣਾ ਦੇ ਭਗਤਪੁਰਾ ਮੌੜ ਵਿਖੇ ਗੁਰਸੇਵਕ ਸਿੰਘ ਤਰਸੇਮ (40) ਪੁੱਤਰ ਹਰਦੇਵ ਸਿੰਘ ਦੀ ਵੱਧ ਸ਼ਰਾਬ ਪੀਣ ਨਾਲ ਹਾਲਤ ਵਿਗੜ ਗਈ ਤੇ ਇਲਾਜ ਦੌਰਾਨ ਮੌਤ ਹੋ ਗਈ।

ਮਿ੍ਤਕ ਦੀ ਪਤਨੀ ਪਰਮਜੀਤ ਕੌਰ ਵਾਸੀ ਭਗਤਪੁਰਾ ਮੌੜ ਨੇ ਦੱਸਿਆ ਕਿ ਗੁਰਸੇਵਕ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਘਰ 'ਚ ਗਰੀਬੀ ਹੋਣ ਅਤੇ ਕਮਾਈ ਦਾ ਸਾਧਨ ਕੋਈ ਨਾ ਹੋਣ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਮਨਾਸਿਕ ਪਰੇਸ਼ਾਨੀ ਕਰਕੇ ਉਹ ਸ਼ਰਾਬ ਦਾ ਆਦੀ ਹੋ ਗਿਆ ਸੀ। ਪਿਛਲੇ ਕਈ ਦਿਨਾਂ ਤੋਂ ਉਹ ਲਗਾਤਾਰ ਸ਼ਰਾਬ ਪੀ ਰਿਹਾ ਸੀ। ਇਸ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ।

ਬੀਤੀ 25 ਜੁਲਾਈ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਸੀ, ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਲਾਜ ਦੌਰਾਨ ਗੁਰਸੇਵਕ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਥਾਣਾ ਸ਼ਹਿਣਾ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰ ਦਿੱਤੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪੀ ਜਾਵੇਗੀ।

ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਸ਼ੋ੍ਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ ਤੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਚਾਰ ਮਹੀਨਿਆਂ 'ਚ ਨਸ਼ਾ ਖਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਣ ਦੇ ਬਾਵਜੂਦ ਹਰ ਚੜ੍ਹਦੇ ਦਿਨ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਵਿੱਢੀਆਂ ਮੁਹਿੰਮਾਂ 'ਤੇ ਜਿੱਥੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ, ਉੱਥੇ ਸਾਢੇ ਤਿੰਨ ਸਾਲ ਦਾ ਨਤੀਜਾ ਜ਼ੀਰੋ ਹੈ।