ਮਨਜੀਤ ਸਿੰਘ ਲੇਲ੍ਹ, ਅਹਿਮਦਗੜ੍ਹ :

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਤੇ ਦਿਨੀਂ, ਜੋ ਕਿਸਾਨਾਂ ਦੇ ਖ਼ਿਲਾਫ਼ ਤਿੰਨ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਦੇ ਵਿਰੋਧ ਵਿੱਚ ਅਤੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਅੱਜ ਅਹਿਮਦਗੜ੍ਹ ਦੇ ਮੁਸਲਿਮ ਭਾਈਚਾਰੇ ਵੱਲੋਂ 'ਜੁਆਇੰਟ ਐਕਸ਼ਨ ਕਮੇਟੀ ਅਹਿਮਦਗੜ੍ਹ' ਦੇ ਬੈਨਰ ਹੇਠ ਅਹਿਮਦਗੜ੍ਹ ਦੀ ਈਦਗਾਹ ਵਿਖੇ ਇਕੱਠ ਕੀਤਾ ਗਿਆ। ਈਦਗਾਹ ਵਿਖੇ ਇਕੱਠ ਹੋਣ ਤੋਂ ਉਪਰੰਤ ਅਹਿਮਦਗੜ੍ਹ ਤੋਂ ਇੱਕ ਰੋਸ ਮਾਰਚ ਕਰਦੇ ਹੋਏ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ਉੱਪਰ ਕਰੀਬ 10 ਵਜੇ ਪਹੁੰਚਕੇ ਮੁੱਖ ਮਾਰਗ ਨੂੰ ਦੁਪਿਹਰ ਇੱਕ ਵਜੇ ਤੱਕ ਜਾਮ ਕੀਤਾ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢੀ ਅਤੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਜਦ ਵੀ ਕਿਸਾਨ ਭਰਾਵਾਂ ਨੂੰ ਜ਼ਰੂਰਤ ਹੋਵੇਗੀ, ਮੁਸਲਿਮ ਭਾਈਚਾਰਾ ਉਨ੍ਹਾਂ ਨਾਲ ਡੱਟਕੇ ਖੜ੍ਹੇਗਾ। ਰੋਸ ਧਰਨੇ ਦੀ ਮੁੱਖ ਗੱਲ ਇਹ ਰਹੀ ਕਿ ਮੁਸਲਿਮ ਭਾਈਚਾਰੇ ਵੱਲੋਂ ਦੁਪਹਿਰ ਇੱਕ ਵਜੇ ਜੁਮੇਂ ਦੀ ਨਮਾਜ ਸੜਕ ਉਪਰ ਹੀ ਪੜ੍ਹੀ ਗਈ। ਨਮਾਜ ਪੜ੍ਹਨ ਉਪਰੰਤ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰਿਲਾਇੰਸ ਪੰਪ 'ਤੇ ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨਾਲ ਵੀ ਇੱਕ ਘੰਟਾ ਬੈਠਕੇ ਕਿਸਾਨਾਂ ਦਾ ਸਾਥ ਦਿੱਤਾ। ਇਸ ਮੌਕੇ ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਸੁਰਾਜ ਮੁਹੰਮਦ, ਹਾਜੀ ਸਗੀਰ, ਜੀਸਾਨ, ਅਮਨ ਅਫ਼ਰੀਦੀ, ਮੁਹੰਮਦ ਅਸ਼ਰਫ, ਹਾਜੀ ਅਸ਼ਰਫ਼, ਸੁਦਾਗਰ, ਮੁਸਤਕ ਹਾਜੀ, ਡਾਕਟਰ ਅਕਰਮ, ਡਾਕਟਰ ਸਰਦਾਰ ਅਲੀ ਖਾਂ ਅਤੇ ਹੋਰ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।

--------