ਸੁਰਿੰਦਰ ਗੋਇਲ, ਸ਼ਹਿਣਾ

ਵੀਰਵਾਰ ਨੂੰ ਕਸਬਾ ਸ਼ਹਿਣਾ ਦੇ ਪਟਵਾਰਖਾਨੇ 'ਚ ਪਟਵਾਰੀ ਦੀ ਬਦਲੀ ਤੋਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਸ਼ਹਿਣਾ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ। ਇਸ ਉਪਰੰਤ ਗੁਰਵਿੰਦਰ ਸਿੰਘ ਨਾਮਧਾਰੀ, ਜਗਤਾਰ ਸਿੰਘ ਝੱਜ, ਇਕਾਈ ਪ੍ਰਧਾਨ ਸਤਨਾਮ ਸਿੰਘ ਸੱਤੀ ਆਦਿ ਨੇ ਦੱਸਿਆ ਕਿ ਇਕੱਲੇ ਕਸਬਾ ਸ਼ਹਿਣਾ ਦੀ 25 ਹਜ਼ਾਰ ਦੇ ਕਰੀਬ ਅਬਾਦੀ ਹੈ ਅਤੇ ਮਾਲ ਵਿਭਾਗ ਦੇ 4 ਪਟਵਾਰੀ ਦੀਆਂ ਅਸਾਮੀਆਂ ਹਨ। ਜਿਨ੍ਹਾਂ 'ਚੋਂ 2 ਅਸਾਮੀਆਂ ਪਹਿਲਾ ਹੀ ਲੰਬੇ ਸਮੇਂ ਤੋਂ ਖਾਲੀ ਚੱਲੀਆਂ ਆ ਰਹੀਆਂ ਹਨ। ਜਦ ਕਿ ਬੁਰਜ ਫਤਹਿਗੜ੍ਹ, ਲੀਲੋ ਕੋਠੇ, ਗਿੱਲ ਕੋਠੇ ਆਦਿ ਪਿੰਡ ਵੀ ਇਸ ਪਟਵਾਰਖਾਨੇ ਨਾਲ ਲਗਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਵਿਭਾਗ ਨੇ ਪਟਵਾਰੀ ਪ੍ਰਵੇਸ਼ ਕੁਮਾਰ ਦੀ ਬਦਲੀ ਕਰਕੇ ਕਿਸਾਨਾਂ ਨੂੰ ਖਾਲੀ ਕੁਰਸੀਆਂ ਸਹਾਰੇ ਖੱਜਲ ਖੁਆਰ ਹੋਣ ਲਈ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੋ 2 ਪਟਵਾਰੀ ਹਨ, ਉਨ੍ਹਾਂ 'ਚੋਂ ਪਿਛਲੇ 2-3 ਸਾਲ ਦੌਰਾਨ ਕਿਸਾਨਾਂ ਦੀ ਖੱਜਲ ਖੁਆਰੀ ਤਕ ਹੀ ਸੀਮਿਤ ਰੱਖਣ ਕਰਕੇ ਜ਼ਿਆਦਾਤਰ ਕੰਮ ਪੈਡਿੰਗ ਪਏ ਸਨ। ਇਨ੍ਹਾਂ ਪੈਡਿੰਗ ਪਏ ਕੰਮਾਂ ਨੂੰ ਸਿਰਫ ਇਕੋ ਇਕ ਪਟਵਾਰੀ ਪ੍ਰਵੇਸ਼ ਕੁਮਾਰ ਨੇ ਆ ਕੇ ਕੁਝ ਦਿਨਾਂ 'ਚ ਹੀ ਨਿਪਟਾ ਦਿੱਤੇ। ਉਨ੍ਹਾਂ ਕਿਹਾ ਕਿ ਇੱਥੋਂ ਤਕ ਕਿ ਇਸ ਸਰਕਲ ਦੇ ਕੋਈ ਪੈਡਿੰਗ ਕੰਮ ਨਹੀਂ ਹੈ ਤੇ ਹਰ ਕੰਮ ਨੂੰ ਤੈਅ ਸਮੇਂ ਅੰਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹਾ ਪਟਵਾਰੀ ਸ਼ਹਿਣੇ ਆਇਆ, ਜਿਸ ਨੇ ਹਰ ਕੰਮ ਨੂੰ ਪਹਿਲ ਦੇ ਆਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸੁੱਤੇ ਪਏ ਅਧਿਕਾਰੀਆਂ ਨੇ ਕੰਮ ਕਰਨ ਵਾਲੇ ਪਟਵਾਰੀ ਦੀ ਬਦਲੀ ਕਰ ਦਿੱਤੀ ਹੈ, ਜੋ ਅਤੀ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ ਤੇ ਹਰ ਰੋਜ਼ ਅਧਿਕਾਰੀ ਵਰਗ ਵੱਲੋਂ ਕਿਸਾਨੀ ਨੂੰ ਖਤਮ ਕਰਨ ਲਈ ਵਿਉਂਤਵੰਦੀ ਕਰਕੇ ਅਜਿਹੇ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।ਇਸ ਮੌਕੇ ਦਰਸ਼ਨ ਸਿੰਘ ਸਿੱਧੂ, ਹਰਬੰਸ ਸਿੰਘ ਨੰਬਰਦਾਰ, ਲਾਲੀ ਝੱਜ, ਬਿੱਟੂ ਬਰਨਾਲਾ ਆਦਿ ਹਾਜ਼ਰ ਸਨ।

ਬਦਲੀ ਰੱਦ ਨਾ ਹੋਣ 'ਤੇ ਕੀਤੇ ਜਾਣਗੇ ਪ੍ਰਦਰਸ਼ਨ : ਨਾਮਧਾਰੀ

ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਜੇਕਰ ਵਿਭਾਗ ਨੇ ਤਿੰਨ ਦਿਨ 'ਚ ਬਦਲੀ ਰੱਦ ਨਾ ਕੀਤੀ ਤਾਂ ਜੱਥੇਬੰਦੀ ਦੇ ਆਗੂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਬਦਲੀ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਬਦਲੀ ਰੱਦ ਨਾ ਹੋਈ ਤਾਂ ਕਿਸਾਨ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਜਾਣਗੇ ਅਤੇ ਬਦਲੀ ਰੱਦ ਹੋਣ ਤਕ ਕੈਪਟਨ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਮਾਮਲਾ ਮੇਰੇ ਧਿਆਨ 'ਚ : ਡਿਪਟੀ ਕਮਿਸ਼ਨਰ

ਇਸ ਮਾਮਲੇ ਸਬਮਧੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ 'ਚ ਆ ਗਿਆ ਹੈ। ਉਹ ਇਸ ਬਾਰੇ ਵਿਭਾਗ ਤੋਂ ਪਤਾ ਕਰਦੇ ਹਨ।