ਜਸਵੀਰ ਸਿੰਘ ਵਜੀਦਕੇ/ਗੁਰਮੁੱਖ ਸਿੰਘ ਹਮੀਦੀ ਮਹਿਲ ਕਲਾਂ

ਬਰਨਾਲਾ-ਲੁਧਿਆਣਾ ਮੁੱਖ ਮਾਰਗ ਤੇ ਪਿੰਡ ਵਜੀਦਕੇ ਕਲਾਂ ਵਿਖੇ ਟੱਲੇ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਵਿਆਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ (43) ਪੁੱਤਰ ਮਰਹੂਮ ਗੁਰਦੇਵ ਸਿੰਘ ਵਾਸੀ ਵਜੀਦਕੇ ਕਲਾਂ ਜੋਂ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ। ਮੰਗਲਵਾਰ ਦੀ ਰਾਤ 10 ਵਜੇ ਦੇ ਕਰੀਬ ਰੋਟੀ ਖਾ ਕੇ ਜਦੋਂ ਉਹ ਸੈਰ ਲਈ ਘਰੋਂ ਬਾਹਰ ਨਿਕਲਿਆ ਤਾਂ ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਟੱਲੇ ਦੇ ਨਜ਼ਦੀਕ ਬਰਨਾਲਾ ਸਾਈਡ ਤੋਂ ਆ ਰਹੇ ਇਕ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ 'ਚ ਗੁਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ 'ਤੇ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਗੁਰਦੀਪ ਸਿੰਘ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ। ਮਿ੍ਤਕ ਆਪਣੇ ਪਿੱਛੇ ਵਿਧਵਾ ਮਾਂ,ਪਤਨੀ, ਦੋ ਬੇਟੀਆਂ ਤੇ ਇੱਕ ਬੇਟੇ ਨੂੰ ਰੋਂਦਿਆਂ ਛੱਡ ਗਿਆ। ਤਫ਼ਤੀਸ਼ੀ ਅਫ਼ਸਰ ਏਐੱਸਆਈ ਠੁੱਲੀਵਾਲ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮਿ੍ਤਕ ਦੇ ਭਰਾ ਰਮਨਦੀਪ ਸਿੰਘ ਦੇ ਬਿਆਨਾ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।