ਸੁਰਿੰਦਰ ਗੋਇਲ, ਸ਼ਹਿਣਾ

ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਖੇਤੀਬਾੜੀ ਵਿਭਾਗ ਦੀ ਐਨਫੋਰਸਮੈਂਟ ਟੀਮ ਵੱਲੋਂ ਕਸਬਾ ਸ਼ਹਿਣਾ ਤੇ ਭਦੌੜ ਵਿਖੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਬੀਜ ਵਿਕਰੇਤਾਵਾਂ ਦੀਆਂ ਕਰੀਬ ਦਰਜਨ ਭਰ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਰਿਕਾਰਡ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਗਈ। ਜਦ ਭਾਰੀ ਪੁਲਿਸ ਫੋਰਸ ਨਾਲ ਟੀਮ ਦੁਕਾਨਾਂ 'ਤੇ ਪਹੁੰਚੀ ਤਾਂ ਇਕਦਮ ਕਸਬੇ 'ਚ ਹੜਕੰਪ ਮੱਚ ਗਿਆ ਤੇ ਵੱਡੀ ਗਿਣਤੀ ਆਸਪਾਸ ਦੇ ਦੁਕਾਨਦਾਰ ਜਾਣਕਾਰੀ ਲੈਣ ਲੱਗੇ। ਟੀਮ 'ਚ ਬਲਾਕ ਖੇਤੀਬਾੜੀ ਅਫਸਰ ਸ਼ਹਿਣਾ ਡਾ. ਦਿਲਬਾਗ ਸਿੰਘ, ਏਡੀਓ ਤਪਾ ਡਾ. ਜਸਵਿੰਦਰ ਸਿੰਘ, ਏਡੀਓ ਡਾ. ਸੁਖਦੀਪ ਸਿੰਘ ਧਾਲੀਵਾਲ, ਸਹਾਇਕ ਟੈਕਨਲੋਜੀ ਮੈਨੇਜਰ ਸੁਖਪਾਲ ਸਿੰਘ ਸ਼ਹਿਣਾ ਨੇ ਦੱਸਿਆ ਕਿ ਕਸਬਾ ਸ਼ਹਿਣਾ ਵਿਖੇ 2 ਬੀਜ ਵਿਕਰੇਤਾਵਾਂ ਛਾਬੜਾ ਪੈਸਟੀਸਾਈਡ, ਗੋਪਾਲ ਦਾਸ ਐਂਡ ਕੰਪਨੀ ਤੇ ਭਦੌੜ ਵਿਖੇ 7 ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ਦੇ ਰਿਕਾਰਡ ਦੀ ਛਾਣਬੀਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨ 'ਚ ਪਏ ਸਟਾਕ ਦਾ ਰਿਕਾਰਡ, ਵੇਚੇ ਬੀਜ ਦੇ ਬਿਲ ਤੇ ਖਰੀਦ ਕੀਤੇ ਬੀਜ ਦੇ ਬਿਲ ਆਦਿ ਬਾਰੇ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦਾ ਅਹਿਮ ਮਕਸਦ ਦੁਕਾਨਾਂ 'ਤੇ ਝੋਨੇ ਦੇ ਬੀਜ ਦੀ ਕਿਸਮ ਪੀਆਰ 128 ਤੇ 129 ਦੇ ਬੀਜ ਦੇ ਸਟਾਕ, ਵੇਚ ਤੇ ਖਰੀਦ ਸਬੰਧੀ ਪੜਤਾਲ ਸੀ, ਜੋ ਵੇਚ ਜਾਂ ਖਰੀਦ ਨਹੀਂ ਹੋਇਆ ਤੇ ਨਾ ਹੀ ਕਿਸੇ ਦੁਕਾਨ 'ਤੇ ਸਟਾਕ ਮਜੂਦ ਸੀ। ਉਨ੍ਹਾਂ ਕਿਹਾ ਕਿ ਬੀਜ ਵਿਕਰੇਤਾਵਾਂ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਜੇ ਕੋਈ ਬੀਜ ਵਿਕਰੇਤਾ ਅਣਅਧਿਕਾਰਤ ਸਟਾਕ ਜਾਂ ਉਚ ਰੇਟ 'ਤੇ ਝੋਨੇ ਦਾ ਬੀਜ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸੀਡਜ਼ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਸਾਰਾ ਸੀਜ਼ਨ ਜਾਰੀ ਰਹੇਗੀ ਜਾਂਚ ਪੜਤਾਲ

ਖੇਤੀਬਾੜੀ ਵਿਭਾਗ ਦੀ ਐਨਫੋਰਸਮੈਂਟ ਟੀਮ ਦੇ ਉਕਤ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਰਾ ਸੀਜਨ ਹੀ ਇਹ ਜਾਂਚ ਪੜਤਾਲ ਲਗਾਤਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਕੋਈ ਿਢੱਲ ਨਹੀਂ ਵਰਤੀ ਜਾ ਰਹੀ।