ਸ਼ੰਭੂ ਗੋਇਲ, ਲਹਿਰਾਗਾਗਾ

ਕੋਰੋਨਾ ਪਾਜ਼ੇਟਿਵ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਕੱਢ ਕੇ ਘਰਾਂ ਵਿਚ ਭੇਜਣ ਦੀ ਕਾਰਵਾਈ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਕਰਾਰ ਦਿੰਦਿਆਂ ਅਤੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦੇ ਦੋਸ਼ ਲਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪੱਧਰੀ ਸੱਦੇ 'ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਪਿੰਡ ਚੋਟੀਆਂ, ਸੰਗਤਪੁਰਾ, ਨੰਗਲਾ ਘੋੜੇਨਵ, ਢੀਂਡਸਾ, ਗੁਰਨੇ ਕਲਾ, ਗੋਬਿੰਦਗੜ੍ਹ ਅਤੇ ਭਾਈ ਕੇ ਪਿਸ਼ੌਰ ਆਦਿ ਪਿੰਡਾਂ ਵਿਖੇ ਦੋਵੇਂ ਸਰਕਾਰਾਂ ਦੇ ਪੁਤਲੇ ਸਾੜੇ ਗਏ।

ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਲੱਛਣਾਂ ਤੋਂ ਬਗੈਰ ਪਰ ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਘਰਾਂ 'ਚ ਭੇਜਣ ਦੀ ਕੇਂਦਰੀ ਨੀਤੀ ਰੱਦ ਕਰਕੇ ਘਰਾਂ 'ਚ ਭੇਜੇ ਗਏ ਮਰੀਜ਼ ਮੁੜ ਹਸਪਤਾਲ 'ਚ ਜਾਂ ਇਕਾਂਤਵਾਸ ਕੇਂਦਰਾਂ 'ਚ ਭਰਤੀ ਕਰਨ ਉਪਰੰਤ ਉਨ੍ਹਾਂ ਦੇ ਇਲਾਜ, ਸੰਭਾਲ ਅਤੇ ਖਾਦ ਖੁਰਾਕ ਦੇ ਪੁਖਤਾ ਪ੍ਰਬੰਧ ਸਰਕਾਰੀ ਤੌਰ 'ਤੇ ਕੀਤੇ ਜਾਣ। ਸਮੁੱਚੀਆਂ ਸਿਹਤ ਸੇਵਾਵਾਂ ਦਾ ਕੌਮੀਕਰਨ ਕਰ ਕੇ ਪ੍ਰਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ਵਿੱਚ ਲਿਆ ਜਾਵੇ। ਠੇਕਾ ਭਰਤੀ ਦੀ ਨੀਤੀ ਰੱਦ ਕਰਕੇ ਸਮੂਹ ਸਿਹਤ ਕਰਮਚਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ। ਉਨ੍ਹਾਂ ਲਈ ਬਚਾਓ ਕਿੱਟਾਂ ਅਤੇ ਪੰਜਾਹ ਲੱਖ ਰੁਪਏ ਦੇ ਬੀਮੇ ਦਾ ਪ੍ਰਬੰਧ ਯਕੀਨੀ ਕੀਤਾ ਜਾਵੇ। ਅੱਜ ਦੀਆਂ ਰੈਲੀਆ ਨੂੰ ਧਰਮਿੰਦਰ ਪਿਸ਼ੌਰ , ਲੀਲਾ ਚੋਟੀਆਂ, ਮੱਖਣ ਪਾਪੜਾ , ਸੂਬਾ ਸੰਗਤਪੁਰਾ ਅਤੇ ਰਾਮ ਨੰਗਲਾ ਨੇ ਵੀ ਸੰਬੋਧਨ ਕੀਤਾ।