ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਫਾਇਨਾਂਸ ਕੰਪਨੀਆਂ ਦੀਆਂ ਮਨਮਾਨੀਆਂ ਖ਼ਿਲਾਫ਼ ਸ਼ੁੱਕਰਵਾਰ ਨੂੰ ਲੋਕਾਂ ਦਾ ਗੁੱਸਾ ਫੁੱਟ ਕੇ ਬਾਹਰ ਆਇਆ। ਲੋਨ ਦੀਆਂ ਕਿਸ਼ਤਾਂ ਭਰਨ ਲਈ ਤੰਗ ਪ੍ਰਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਸਥਾਨਕ ਬਾਬਾ ਫਤਿਹ ਸਿੰਘ ਕਾਲੋਨੀ ਵਿਖੇ ਅੌਰਤਾਂ ਸਮੇਤ ਇਕੱਤਰ ਹੋਏ ਵੱਡੀ ਗਿਣਤੀ 'ਚ ਲੋਕਾਂ ਨੇ ਫਾਇਨਾਂਸ ਕੰਪਨੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਮਮਤਾ ਰਾਣੀ, ਕਮਲੇਸ਼ ਰਾਣੀ, ਬਲਵਿੰਦਰ ਕੌਰ, ਆਸ਼ਾ ਰਾਣੀ, ਆਰਤੀ ਰਾਣੀ, ਸਿੰਦਰ ਕੌਰ, ਕਰਮਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਫਾਇਨਾਂਸ ਕੰਪਨੀਆਂ ਵੱਲੋਂ ਲੋਨ ਦੀਆਂ ਕਿਸ਼ਤਾਂ ਭਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਇਹ ਕਿਸ਼ਤਾਂ ਜਮਾਂ ਨਾਂ ਕਰਵਾਈਆਂ ਤਾਂ ਉਨ੍ਹਾਂ ਤੋਂ ਜੁਰਮਾਨੇ ਵਸੂਲੇ ਜਾਣਗੇ ਤੇ ਵਿਆਜ ਵੀ ਵੱਧ ਭਰਨਾ ਪਵੇਗਾ। ਇਸ ਤੋਂ ਇਲਾਵਾ ਫਾਇਨਾਂਸ ਕੰਪਨੀਆਂ ਉਨ੍ਹਾਂ ਲੋਕਾਂ ਵੱਲੋਂ ਦਿੱਤੇ ਗਏ ਖਾਲੀ ਚੈੱਕਾਂ ਨੂੰ ਬੈਂਕਾਂ 'ਚੋਂ ਡਿਸਆਨਰ ਕਰਵਾਕੇ ਮੁਕੱਦਮੇ ਦਰਜ ਕਰਵਾਉਣ ਦੀਆਂ ਵੀ ਧਮਕੀਆਂ ਦੇ ਰਹੀਆਂ ਹਨ।

ਪ੍ਰਦਰਸ਼ਨ ਕਰ ਰਹੀਆਂ ਅੌਰਤਾਂ ਨੇ ਕਿਹਾ ਕਿ ਕੋਰੋਨਾ ਦੀ ਬੀਮਾਰੀ ਕਾਰਨ ਲਾਕ-ਡਾਊਨ ਦੇ ਚੱਲਦਿਆਂ ਉਹ ਆਪਣੇ ਘਰਾਂ ਵਿੱਚ ਹੀ ਬੰਦ ਹਨ ਤੇ ਕਰੀਬ ਦੋ ਮਹੀਨਿਆਂ ਤੋਂ ਉਹ ਦਿਹਾੜੀ 'ਤੇ ਵੀ ਕੰਮ ਕਰਨ ਲਈ ਨਹੀਂ ਗਈਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸ਼ਤਾਂ ਭਰਨ ਲਈ ਜ਼ਿਆਦਾ ਤੰਗ ਪ੍ਰਰੇਸ਼ਾਨ ਕਰਨ 'ਤੇ ਉਹ ਲੋਕ ਫਾਇਨਾਂਸ ਕੰਪਨੀਆਂ ਦੀਆਂ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਨ ਦਾ ਵਿਆਜ ਮਾਫ਼ ਕੀਤਾ ਜਾਵੇ ਅਤੇ ਲਾਈਆਂ ਜਾਣ ਵਾਲੀਆਂ ਪੈਨਲਟੀਆਂ (ਜੁਰਮਾਨੇ) ਖ਼ਤਮ ਕੀਤੇ ਜਾਣ ਤੇ ਨਾਲ ਹੀ ਕਿਸ਼ਤਾਂ ਭਰਨ ਲਈ ਘੱਟੋ-ਘੱਟ ਤਿੰਨ ਮਹੀਨੇ ਦੇ ਸਮੇਂ ਦੀ ਛੋਟ ਦਿੱਤੀ ਜਾਵੇ।