ਬੂਟਾ ਸਿੰਘ ਚੌਹਾਨ, ਸੰਗਰੂਰ

ਸੰਭਾਵੀ ਬਰਸਾਤਾਂ ਦੇ ਸੀਜ਼ਨ ਦੇ ਮੱਦੇਨਜ਼ਰ ਬਲਾਕ ਅਨਦਾਣਾ ਐਟ ਮੂਣਕ ਦੇ ਵੱਖ-ਵੱਖ ਪਿੰਡਾਂ ਵਿਚ ਘੱਗਰ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਰੋਜ਼ਾਨਾ ਕਰੀਬ 200 ਤੋਂ ਵੱਧ ਮਗਨਰੇਗਾ ਵਰਕਰ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਜੁਟੇ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਵਿਚ ਪਾੜ ਪੈ ਜਾਣ ਦੀ ਘਟਨਾ ਤੋਂ ਮਗਰੋਂ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਲਗਾਤਾਰ ਘੱਗਰ ਸਮੇਤ ਸਾਰੀਆਂ ਸੰਵੇਨਦਸ਼ੀਲ ਨਹਿਰਾਂ, ਸੂਇਆਂ ਆਦਿ 'ਤੇ ਨਜ਼ਰ ਰੱਖੀ ਜਾਵੇ ਅਤੇ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਲੋੜੀਂਦੇ ਕਾਰਜ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਪਿਛਲੇ 8-9 ਦਿਨਾਂ ਤੋਂ ਮਗਨਰੇਗਾ ਵਰਕਰਾਂ ਦੁਆਰਾ ਪਿੰਡ ਮਕਰੋੜ ਸਾਹਿਬ, ਫੂਲਦ, ਰਾਮਪੁਰ ਗੁੱਜਰਾਂ, ਕੜੈਲ, ਧਮੂਰ ਘਾਟ ਵਿਖੇ ਬੰਨ੍ਹਾਂ ਦੀ ਮਜ਼ਬੂਤੀ ਕੀਤੀ ਜਾ ਰਹੀ ਹੈ ਅਤੇ ਅਗਲੇ ਹਫ਼ਤੇ ਵਿੱਚ ਮਗਨਰੇਗਾ ਵਰਕਰਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ ਤਾਂ ਜੋ ਇਸ ਕਾਰਜ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬੰਧਿਤ ਵਿਭਾਗਾਂ ਨੂੰ ਇਸ ਕਾਰਜ ਲਈ ਕਰੀਬ 1 ਕਰੋੜ 10 ਲੱਖ ਰੁਪਏ ਦੀ ਅਗੇਤੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਅਤੇ ਮਗਨਰੇਗਾ ਸਕੀਮ ਤਹਿਤ ਰਜਿਸਟਰਡ ਜਾਬ ਕਾਰਡ ਹੋਲਡਰਾਂ ਨੂੰ ਹੀ ਬੰਨ੍ਹ ਮਜ਼ਬੂਤੀ ਦੇ ਕਾਰਜਾਂ ਵਿੱਚ ਲਾਇਆ ਗਿਆ ਹੈ।

ਜਿਸ ਨਾਲ ਨੇੜਲੇ ਪਿੰਡਾਂ ਵਿੱਚ ਲੋੜਵੰਦਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਘੱਗਰ ਦਰਿਆ ਦੇ ਬੰਨ੍ਹਾਂ ਦੇ ਦੋਵੇਂ ਪਾਸੀਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ ਅਤੇ ਮਕਰੋੜ ਸਾਹਿਬ ਤੋਂ ਕੜੈਲ ਤੱਕ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੰਨ੍ਹਾਂ 'ਤੇ ਪਛਾਣ ਕੀਤੀਆਂ ਕਮਜ਼ੋਰ ਥਾਵਾਂ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਐੱਸਡੀਐੱਮ ਸੂਬਾ ਸਿੰਘ ਨੂੰ ਆਖਿਆ ਹੈ ਕਿ ਉਹ ਖੁਦ ਇਨ੍ਹਾਂ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਰਹਿਣ।