ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਸਥਾਨਕ ਸਟੇਟ ਬੈਂਕ ਆਫ ਇੰਡੀਆ ਵਿਖੇ ਲੱਗੀ ਲੋਕਾਂ ਦੀ ਭੀੜ ਬਾਰੇ ਕਿਹਾ ਕਿ ਬੈਂਕ ਦੇ ਅਧਿਕਾਰੀ ਜਾਣ ਬੁੱਝ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੰਗ ਕਰ ਰਹੇ ਹਨ। ਜਦੋਂਕਿ ਜਾਣ-ਪਛਾਣ ਦੇ ਲੋਕਾਂ ਨੂੰ ਬੈਂਕ ਦੇ ਅੰਦਰ ਬੁਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀ ਵਿਚ ਬੈਂਕ ਨਾਲ ਜੁੜੇ ਆਮ ਨਾਗਰਿਕ ਖਪਤਕਾਰਾਂ ਨੂੰ ਗਰਮੀ ਦੇ ਮੌਸਮ ਵਿੱਚ ਬਹੁਤ ਪ੍ਰਰੇਸ਼ਾਨ ਹੋਣਾ ਪੈ ਰਿਹਾ ਹੈ, ਜਿਨ੍ਹਾਂ ਵਾਸਤੇ ਬੈਂਕ ਵੱਲੋਂ ਛਾਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ। ਉਨ੍ਹਾਂ ਬੈਂਕ ਦੇ ਅਧਿਕਾਰੀਆਂ ਦੇ ਰਵੱਈਏ 'ਤੇ ਵੀ ਉਂਗਲ ਚੁੱਕੀ।

ਇਸ ਸਬੰਧੀ ਬੈਂਕ ਦੇ ਮੈਨੇਜਰ ਗੋਵਰਧਨ ਸਿੰਘ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਕਾਰਨ ਬੈਂਕ ਵਿੱਚ ਭੀੜ ਨਾ ਹੋਣ ਸਬੰਧੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਮੁਤਾਬਕ ਹੀ ਬੈਂਕ ਵਿੱਚ ਖਪਤਕਾਰਾਂ ਨੂੰ ਦਾਖ਼ਲ ਹੋਣ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਕ ਦੇ ਬਾਹਰ ਖੜ੍ਹੇ ਲੋਕਾਂ ਲਈ ਉਨ੍ਹਾਂ ਵੱਲੋਂ ਟੈਂਟ ਲਵਾਇਆ ਗਿਆ ਹੈ ਅਤੇ ਨਾਲ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕਦਮ ਜ਼ਿਆਦਾ ਖਪਤਕਾਰ ਆਉਣ ਕਾਰਨ ਕਈ ਵਾਰ ਬਾਹਰ ਭੀੜ ਲੱਗ ਜਾਂਦੀ ਹੈ ਪਰ ਉਨ੍ਹਾਂ ਵੱਲੋਂ ਹਰ ਇੱਕ ਖਪਤਕਾਰ ਨਾਲ ਇਨਸਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਲਈ ਸਾਰੇ ਖਪਤਕਾਰ ਇੱਕੋ ਜਿਹੇ ਹਨ, ਕਿਸੇ ਨਾਲ ਕੋਈ ਪੱਖਪਾਤ ਨਹੀਂ ਹੈ। ਇਸ ਮੌਕੇ ਥਾਣਾ ਚੀਮਾ ਮੰਡੀ ਦੀ ਪੁਲਿਸ ਵੱਲੋਂ ਡਿਊਟੀ ਅਫ਼ਸਰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਵਾ ਕੇ ਮਾਮਲਾ ਨਿਬੇੜ ਦਿੱਤਾ ਹੈ।