ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਵੱਲੋਂ ਖੇਤੀ ਮੋਟਰਾਂ ਦੇ ਟਰਾਂਸਫਾਰਮਰਾਂ ਦੀ ਮਾੜੀ ਹਾਲਤ ਅਤੇ ਜੀਓ ਸਵਿੱਚਾਂ ਨੂੰ ਠੀਕ ਨਾ ਕੀਤੇ ਜਾਣ ਦੇ ਰੋਸ ਵੱਲੋਂ 5 ਜੂਨ ਨੂੰ ਐਕਸੀਅਨ ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਪਿੰਡ ਮਹਿਲਾਂ ਵਿਖੇ ਹੋਈ ਕਿਸਾਨ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦਾ ਸੀਜਨ ਆ ਗਿਆ ਹੈ ਅਤੇ ਗਰਮੀ ਵੀ ਆਪਣੇ ਪੂਰੇ ਜੋਸ਼ ਵਿਚ ਪਰ ਪਾਵਰਕਾਮ ਵੱਲੋਂ ਝੋਨੇ ਦੇ ਸੀਜ਼ਨ ਨੂੰ ਲੈ ਕੇ ਕੋਈ ਤਿਆਰੀ ਨਹੀਂ ਕੀਤੀ। ਖੇਤੀ ਮੋਟਰਾਂ ਲਈ ਲੱਗੇ ਹੋਏ ਟਰਾਂਸਫਾਰਮਰ ਅਤੇ ਉਨ੍ਹਾਂ ਦੀਆਂ ਉਨ੍ਹਾਂ 'ਤੇ ਲੱਗੀਆਂ ਜੀਓ ਸਵਿੱਚਾਂ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ। ਮਹਿਲਾਂ ਸਬ-ਡਿਵੀਜਨ ਅੰਦਰ ਐੱਸਡੀਓ ਦੀ ਅਸਾਮੀ ਖਾਲੀ ਹੋਣ ਕਰਕੇ ਦੋ ਜੇਈ ਹੀ ਸਾਰਾ ਕੰਮ ਦੇਖ ਰਹੇ ਹਨ। ਉਨ੍ਹਾਂ ਨੂੰ ਕਈ ਵਾਰ ਕਿਹਾ ਗਿਆ ਪਰ ਉਹ ਸਟਾਫ਼ ਦੀ ਕਮੀ ਦਾ ਬਹਾਨਾ ਲਾ ਕੇ ਕੰਮ ਨਹੀਂ ਕਰ ਰਹੇ। ਇਸ ਮੌਕੇ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਅਤੇ ਅਮਨਦੀਪ ਸੋਹੀ ਹਾਜ਼ਰ ਸਨ।