ਸੁਰਿੰਦਰ ਗੋਇਲ, ਸ਼ਹਿਣਾ : ਥਾਣਾ ਸ਼ਹਿਣਾ ਵਿਖੇ ਦੋ ਅਣਪਛਾਤੇ ਟਰੱਕ ਚਾਲਕਾਂ ਸਮੇਤ ਨਿਹਾਲ ਸਿੰਘ ਵਾਲਾ ਦੀ ਇਕ ਫਰਮ ਖਿਲਾਫ ਯੂਪੀ ਤੋਂ ਸਸਤੇ ਭਾਅ ਝੋਨਾ ਖਰੀਦਣ 'ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਪ੍ਰਰੀਤ ਸਿੰਘ ਵੜੈਚ ਨੇ ਦੱਸਿਆ ਕਿ ਮਾਰਕੀਟ ਕਮੇਟੀ ਭਦੌੜ ਦੇ ਸਕੱਤਰ ਨੇ 19 ਅਕਤੂਬਰ 2020 ਨੂੰ ਪੱਤਰ ਨੰਬਰ 545 ਐੱਸਐੱਸਪੀ ਬਰਨਾਲਾ ਭੇਜ ਕੇ ਝੋਨੇ ਦੇ ਫੜ੍ਹੇ ਗਏ ਟਰੱਕਾਂ ਤੇ ਝੋਨਾ ਖਰੀਦ ਕਰਨ ਵਾਲੀ ਫਰਮ ਖਿਲਾਫ ਕਰਨ ਲਈ ਲਿਖਿਆ ਗਿਆ ਸੀ। ਜਿਸ ਤੇ ਐੱਸਐੱਸਪੀ ਬਰਨਾਲਾ ਨੇ 19 ਅਕਤੂਬਰ 2020 ਨੂੰ ਪੱਤਰ ਨੰਬਰ 14249 ਥਾਣਾ ਸ਼ਹਿਣਾ ਨੂੰ ਭੇਜ ਕੇ ਪਰਚਾ ਦਰਜ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੱਤਰ ਅਨੁਸਾਰ ਸ਼ਹਿਣਾ ਵਿਖੇ ਕਿਸਾਨ ਯੂਨੀਅਨ ਵੱਲੋਂ ਟਰੱਕ ਨੰਬਰ ਪੀਬੀ 19 ਐੱਚ 7215 ਜਿਸ 'ਚ 270 ਕੁਇੰਟਲ ਝੋਨਾ ਤੇ ਪੀਬੀ 13 ਏਐੱਲ 8297 ਜਿਸ 'ਚ 250 ਕੁਇੰਟਲ ਝੋਨਾ ਫੜ ਕੇ ਲਿਆਏ ਸਨ। ਇਹ ਝੋਨਾ ਮੈਸਰਜ ਗੁਰੂ ਨਾਨਕ ਟਰੇਡਿੰਗ ਕੰਪਨੀ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਦੀ ਹੈ।

ਪੱਤਰ ਅਨੁਸਾਰ ਇਸ ਫਰਮ ਨੇ ਧਾਰਾ 10 ਅਧੀਨ ਬਿਨ੍ਹਾਂ ਲਾਇੰਸਸ ਪ੍ਰਰਾਪਤ ਕੀਤੇ ਮਾਰਕੀਟ ਕਮੇਟੀ ਭਦੌੜ ਦੇ ਨੋਟੀਫਾਈਡ ਏਰੀਏ 'ਚ ਖਰੀਦ ਫਰੋਖਤ ਦਾ ਕੰਮ ਕਰ ਰਹੀ ਹੈ, ਜੋ ਕਿ ਫਰਮ ਵੱਲੋਂ ਦੀ ਪੰਜਾਬ ਐਗਰੀਕਲਚਰ ਪੋ੍ਡਿਊਸ ਮਾਰਕਿਟਸ ਐਕਟ 1961 ਦੀ ਧਾਰਾ 6 (3) ਦੀ ਉਲੰਘਣਾ ਹੈ। ਇਸ ਲਈ ਉਕਤ ਨਿਹਾਲ ਸਿੰਘ ਵਾਲਾ ਦੀ ਫਰਮ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਕਤ ਫਰਮ ਤੇ ਦੋਵੇਂ ਟਰੱਕਾਂ ਦੇ ਅਣਪਛਾਤੇ ਡਰਾਈਵਰਾਂ ਖਿਲਾਫ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਜਾਂਚ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ।

---ਦੋਵੇ ਟਰੱਕਾਂ 'ਚ ਲੱਖਾਂ ਰੁਪਏ ਦਾ ਹੈ ਝੋਨਾ-ਸਕੱਤਰ

ਮਾਰਕੀਟ ਕਮੇਟੀ ਭਦੌੜ ਦੇ ਸਕੱਤਰ ਗੁਰਲਾਲ ਸਿੰਘ ਨੇ ਦੱਸਿਆ ਕਿ ਦੋਵੇ ਟਰੱਕਾਂ ਕਿ ਭਰੇ ਝੋਨੇ ਦੇ ਬਿਲ, ਬਿਲਟੀ ਆਦਿ ਰਿਕਾਰਡ ਕਬਜ਼ੇ 'ਚ ਲੈ ਕੇ ਚੈੱਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੈ ਮਹਾਕਾਲ ਟਰੇਡਿੰਗ ਕੰਪਨੀ ਕੋਠੀ ਬਾਰਾਬੰਕੀ ਸਟੇਟ ਉੱਤਰ ਪ੍ਰਦੇਸ਼ ਵੱਲੋਂ ਟਰੱਕ ਨੰਬਰ ਪੀਬੀ-13 ਏਐੱਲ 8297 'ਚ 710 ਗੱਟੇ, 279 ਕੁਇੰਟਲ ਜਿਸਦੀ ਕੀਮਤ ਬਿੱਲ ਅਨੁਸਾਰ 3 ਲੱਖ 66 ਹਜ਼ਾਰ 885 ਰੁਪਏ ਤੇ ਸਾਹਿਲ ਟਰੇਡਿੰਗ ਕੰਪਨੀ ਉੱਤਰ ਪ੍ਰਦੇਸ਼ ਵੱਲੋਂ ਟਰੱਕ ਨੰਬਰ ਪੀਬੀ-19 ਐੱਚ 7215 'ਚ 710 ਗੱਟੇ 279 ਕੁਇੰਟਲ ਜਿਸਦੀ ਕੀਮਤ ਬਿੱਲ ਅਨੁਸਾਰ 670 ਗੱਟੇ, 305 ਕੁਇੰਟਲ ਜਿਸਦੀ ਕੀਮਤ ਬਿੱਲ ਅਨੁਸਾਰ 4 ਲੱਖ 1 ਹਜ਼ਾਰ 206 ਰੁਪਏ ਹੈ। ਉਨ੍ਹਾ ਦੱਸਿਆ ਕਿ ਬਿੱਲ ਅਨੁਸਾਰ ਫਰਮ ਵੱਲੋਂ ਇਹ ਝੋਨਾ 1315 ਰੁਪਏ ਪ੍ਰਤੀ ਕੁਇੰਟਲ ਖਰੀਦ ਕੀਤਾ ਗਿਆ।

---ਸ਼ੈਲਰਾਂ 'ਚ ਲੱਗੇ ਝੋਨੇ ਦੀ ਜਾਂਚ ਜਾਰੀ-ਸਕੱਤਰ

-ਸਕੱਤਰ ਗੁਰਲਾਲ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਭਦੌੜ ਅਧੀਨ ਪੈਂਦੇ ਸ਼ੈਲਰਾਂ 'ਚ ਲੱਗੇ ਝੋਨੇ ਦੀ ਜਾਂਚ ਲਈ ਟੀਮਾਂ ਗਠਤ ਕੀਤੀਆਂ ਗਈਆਂ ਹਨ। ਜੋ ਸ਼ੈਲਰਾਂ 'ਚ ਜਾਂਚ ਕਰਕੇ ਬਾਹਰਲਾ ਝੋਨਾ ਪਾਏ ਜਾਣ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।