ਬਲਜੀਤ ਸਿੰਘ ਟਿੱਬਾ, ਸ਼ੇਰਪੁਰ: ਬੇਸ਼ੱਕ ਅਜੋਕੇ ਦੌਰ ਵਿਚ ਦੇਸ਼ ਅੰਦਰ ਫ਼ਿਰਕੂ ਏਜੰਡੇ ਤਹਿਤ ਦੇਸ਼ ਵਿਚ ਵੱਸਦੀਆਂ ਖ਼ਾਸ ਘੱਟ-ਗਿਣਤੀਆਂ ਵਿਰੁੱਧ ਲਗਾਤਾਰ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਪਰ ਜਾਗਰੂਕ ਲੋਕ ਇਸ ਦਾ ਅਸਰ ਨਹੀਂ ਮੰਨ ਰਹੇ ਹਨ। ਇਸੇ ਤਰ੍ਹਾਂ ਪਿੰਡ ਟਿੱਬਾ ਦੀ ਸਰਪੰਚ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਤੀ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਫ਼ੌਜੀ ਨੇ ਮੁਸਲਿਮ ਵੀਰਾਂ ਲਈ ਮਸਜਿਦ ਦੀ ਉਸਾਰੀ ਵਾਸਤੇ 5 ਵਿਸਵੇ ਜਗ੍ਹਾ ਦਾਨ ਕੀਤੀ ਹੈ। ਮਸਜਿਦ ਦੀ ਨੀਂਹ ਰੱਖਣ ਸਮੇਂ ਪਿੰਡ ਤੇ ਇਲਾਕੇ ਦੇ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਮਸਜਿਦ ਦੇ ਨਿਰਮਾਣ ਲਈ ਦਾਨ ਕੀਤਾ।

ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਨੂੰ ਸਭ ਨੂੰ ਸਾਂਝੀਵਾਲਤਾ ਦੇ ਸੁਨੇਹੇ 'ਤੇ ਪਹਿਰਾ ਦੇਣਾ ਚਾਹੀਦਾ ਹੈ। ਸੰਤ ਬਾਬਾ ਰਾਜਵਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਤੇ ਮੁਸਲਿਮ ਸਮਾਜ ਦੀ ਪੁਰਾਤਨ ਸਾਂਝ ਦਾ ਪ੍ਰਤੀਕ ਹੈ। ਸਭ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੀ ਨੀਂਹ ਵੀ ਮੁਸਲਿਮ ਫ਼ਕੀਰ ਸਾਈ ਮੀਆਂ ਮੀਰ ਨੇ ਰੱਖੀ ਸੀ। ਸਮਾਗਮ ਦੌਰਾਨ ਮੁਫ਼ਤੀ ਮੁਹੰਮਦ ਸਾਹਿਲ ਤੇ ਮੁਫ਼ਤੀ ਕਾਸਿਮ ਨੇ ਵਿਚਾਰਾਂ ਦੀ ਸਾਂਝ ਪਾਈ।

ਪਿੰਡ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਦੀ ਪ੍ਰਬੰਧਕ ਕਮੇਟੀ ਤੇ ਪੰਚਾਇਤ ਨੇ 11 ਹਜ਼ਾਰ ਇੱਟ ਦੇਣ ਐਲਾਨ ਕੀਤਾ। ਇਸ ਦੌਰਾਨ ਅਦਾਕਾਰ ਸਰਦਾਰ ਸੋਹੀ, ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ, ਸਿੱਖ ਪ੍ਰਚਾਰਕ ਸੰਤ ਬਾਬਾ ਰਾਜਵਰਿੰਦਰ ਸਿੰਘ, ਬਲਦੇਵ ਸਿੰਘ ਸੰਧੂ, ਦਰਬਾਰਾ ਸਿੰਘ ਧਾਲੀਵਾਲ, ਹਸਨ ਮੁਹੰਮਦ ਗੋਗੀ ਸਮੇਤ ਹਰ ਤਬਕੇ ਨੇ ਮਸਜਿਦ ਬਣਾਉਣ ਲਈ ਆਰਥਿਕ ਮਦਦ ਕੀਤੀ। ਮਸਜਿਦ ਦੀ ਨੀਂਹ ਰੱਖਣ ਦੀ ਰਸਮ ਸਾਂਝੇ ਤੌਰ 'ਤੇ ਅਦਾ ਕੀਤੀ ਗਈ।

ਇਸ ਦੌਰਾਨ ਮੁਫ਼ਤੀ ਕਾਸਿਮ ਸਾਹਿਬ, ਮੁਹੰਮਦ ਨਾਸਿਰ ਪ੍ਰਧਾਨ ਈਦਗਾਹ ਕਮੇਟੀ ਮਾਲੇਰਕੋਟਲਾ, ਸਾਬਕਾ ਸਰਪੰਚ ਦਵਿੰਦਰ ਸਿੰਘ, ਡਾ. ਮੁਹੰਮਦ ਖ਼ਲੀਲ, ਕਾਕਾ ਲਿਬੜਾ, ਹਾਜੀ ਮੁਹੰਮਦ ਸਾਬਰ, ਹਾਜੀ ਮੁਹੰਮਦ ਜਮੀਲ, ਮਕਸੂਦ ਉਲ ਹੱਕ, ਅਮਨਦੀਪ ਸਿੰਘ ਪੰਚ, ਹਸਨ ਮੁਹੰਮਦ ਗੋਗੀ, ਕੁਲਵੰਤ ਸਿੰਘ ਨੀਲਾ, ਸੁਖਵਿੰਦਰ ਸਿੰਘ ਪੰਚ, ਹਰਬੰਸ ਸਿੰਘ ਬੰਸਾ, ਪਰਮਜੀਤ ਸੁਮਨ, ਸਤਨਾਮ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਲਖਵੀਰ ਸਿੰਘ ਪੰਚ, ਠੇਕੇਦਾਰ ਬਲਦੇਵ ਸਿੰਘ ਸੰਧੂ, ਸ਼ਿੰਗਾਰਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।