ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ :

ਪੰਜਾਬ ਸਰਕਾਰ ਇੱਕ ਪਾਸੇ ਤੋਂ ਆਪਣੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਰਾਹੀਂ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸਰਿਤ ਦੇ ਲੋੜਵੰਦ ਵਿਅਕਤੀਆਂ ਨੂੰ ਪੈਨਸ਼ਨਾਂ ਪਾਰਦਰਸ਼ੀ ਢੰਗ ਨਾਲ ਲਗਾਉਣ ਅਤੇ ਸਰਕਾਰਾਂ ਦੀਆਂ ਵੱਖ-ਵੱਖ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਦਾਅਵੇ ਕਰਦੀ ਨਹੀਂ ਥੱਕਦੀ। ਪਰ ਦੂਜੇ ਪਾਸੇ ਰਾਜ ਭਰ ਦੇ ਅੰਦਰ ਕੁੱਲ 156 ਬਲਾਕਾਂ ਅੰਦਰ 150 ਕਲਰਕਾਂ ,150 ਸੀਨੀਅਰ ਸਹਾਇਕ ਤੇ 37 ਸੀਡੀਪੀਓ ਦੀਆਂ ਅਸਾਮੀਆਂ ਸਮੇਤ ਕੁਝ ਹੋਰ ਖਾਲੀ ਪਈਆਂ ਹੋਣ ਕਾਰਨ ਲੋਕਾਂ ਨੂੰ ਕੇਂਦਰ ਤੇ ਰਾਜ ਸਰਕਾਰ ਦੁਆਰਾ ਮਿਲਣ ਵਾਲੀਆਂ ਵੱਖ-ਵੱਖ ਸਕੀਮਾਂ ਲੋਕਾਂ ਤੱਕ ਨਾ ਪਹੁੰਚਣ ਕਰਕੇ ਲੋੜਵੰਦ ਲੋਕ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹਾ ਮਾਮਲਾ ਬਿਨਾਂ ਸਰਕਾਰੀ ਬਿਲਡਿੰਗ ਦੇ ਇੱਕ ਕਿਰਾਏ ਦੇ ਮਕਾਨ 'ਚ ਚੱਲ ਰਹੇ ਸੀਡੀਪੀਓ ਦਫਤਰ ਮਹਿਲ ਕਲਾਂ ਵਿਖੇ 1 ਕਲਰਕ ਦੀ ਅਸਾਮੀ ਖਾਲੀ, 2 ਸੁਪਰਵਾਈਜਰਾਂ, 1 ਚੌਂਕੀਦਾਰ ਸਮੇਤ ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਸਾਹਮਣੇ ਆਇਆ ਹੈ। ਜਦ ਕਿ ਇਸ ਦਫਤਰ ਅੰਦਰ ਕੁੱਲ 12 ਮੁਲਾਜਮਾਂ ਦੀਆਂ ਪੋਸਟਾਂ ਹਨ। ਇਸ ਦਫਤਰ ਦਾ ਚਾਰਜ ਬਲਾਕ ਸ਼ੇਰਪੁਰ ਦੇ ਸੀਡੀਪੀਓ ਨੂੰ ਵਾਧੂ ਚਾਰਜ ਦਿੱਤਾ ਹੋਇਆ ਹੈ। ਜਿਨ੍ਹਾਂ 'ਚੋਂ ਸਿਰਫ਼ ਇੱਕ ਕਲੱਰਕ ਹੀ ਦਫਤਰ ਦਾ ਕੰਮ ਕਾਜ ਦੇਖ ਰਹੇ ਹਨ, ਇੱਥੇ ਇਹ ਵੀ ਪਤਾ ਲੱਗਾ ਹੈ ਪੁਰਾਣੇ ਮੁਲਾਜ਼ਮਾਂ ਦੀ ਲਗਾਤਾਰ ਸੇਵਾ ਮੁਕਤ ਹੋਣ ਕਰਕੇ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਦਿਨੋਂ ਦਿਨ ਘਟਦੀ ਜਾ ਰਹੀ ਹੈ ਜਿਸ ਕਰਕੇ ਪਹਿਲਾਂ ਕੰਮ ਕਰਦੇ ਆ ਰਹੇ ਮੁਲਾਜਮਾਂ ਉੱਪਰ ਹੋਰ ਵਾਧੂ ਬੋਝ ਪਾਇਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਸੀਡੀਪੀਓ ਦਫ਼ਤਰ ਅਧੀਨ ਕੁੱਲ 124 ਸੈਂਟਰਾਂ ਨੂੰ ਪਿੰਡ ਵਜੀਦਕੇ ਕਲਾਂ, ਮਹਿਲ ਖੁਰਦ, ਛਾਪਾ, ਚੰਨਣਵਾਲ ਸਰਕਲਾਂ 'ਚ ਵੰਡਿਆ ਹੋਣ ਕਰਕੇ ਉਕਤ ਸੈਂਟਰਾਂ 'ਚ 6 ਵਰਕਰਾਂ ਤੇ 18 ਹੈਲਪਰਾਂ ਦੀਆਂ ਪੋਸਟਾਂ ਵੀ ਖਾਲੀ ਹੋਣ ਕਰਕੇ 0 ਤੋਂ 6 ਤੱਕ ਦੇ 6550 ਦੇ ਕਰੀਬ ਬੱਚਿਆਂ ਨੂੰ ਕੁਪੋਸ਼ਨ ਤੋਂ ਬਚਾਉਣ ਲਈ ਸੰਤੁਲਨ ਭੋਜਨ ਮੁਹੱਈਆ ਕਰਾਉਣ ਵਿਚ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ 993 ਦੇ ਕਰੀਬ ਗਰਭਵਤੀ ਅੌਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਸਮੇਂ ਸਿਰ ਲੋੜੀਂਦੀ ਖੁਰਾਕ ਨਾ ਮਿਲਣ ਕਰਕੇ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ।

ਇਸ ਮੌਕੇ ਦਿਹਾਤੀ ਮਜਦੂਰ ਸਭਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਸੀਟੀਯੂ ਦੀ ਸੂਬਾ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕੁਰੜ, ਮੁੱਖ ਸਲਾਹਕਾਰ ਕੇਵਲ ਸਿੰਘ ਕੁਰੜ, ਅੌਰਤ ਕਰਜਾ ਮੁਕਤੀ ਸੰਘਰਸ ਕਮੇਟੀ ਦੀ ਆਗੂ ਕੁਲਵੰਤ ਕੌਰ ਸੱਦੋਵਾਲ, ਚਰਨਜੀਤ ਕੌਰ ਛੀਨੀਵਾਲ ਖੁਰਦ ਨੇ ਪੰਜਾਬ ਪਾਸੋਂ ਮੰਗ ਕੀਤੀ ਕੇ ਸੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਵੱਖ-ਵੱਖ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਕਿ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਅਤੇ ਹੋਰ ਕੰਮ ਪਾਰਦਰਸੀ ਢੰਗ ਨਾਲ ਹੋ ਸਕਣ।

===

ਲੋਕ ਸਹੂਲਤਾਂ ਤੋਂ ਹੋਏ ਵਾਂਝੇ : ਪੰਡੋਰੀ

ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕੇ ਪੰਜਾਬ ਸਰਕਾਰ ਇੱਕ ਪਾਸੇ ਤਾਂ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨਾਲ-ਨਾਲ ਪੂਰੇ ਪੰਜਾਬ ਅੰਦਰ ਵੱਖ- ਵੱਖ ਵਿਭਾਗਾਂ 'ਚ ਖਾਲੀ ਪਈਆਂ ਆਸਾਮੀਆਂ ਹੋਣ ਕਾਰਨ ਲੋੜਵੰਦ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖਾਲੀ ਅਸਾਮੀਆਂ ਦਾ ਮਾਮਲਾ ਵਿਧਾਨ ਸਭਾ 'ਚ ਉਠਾਇਆ ਜਾਵੇਗਾ।