ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ : ਇੱਕ ਪਾਸੇ ਸਰਕਾਰ ਸਿੱਖਿਆ ਸੁਧਾਰਾਂ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਬਿਨਾਂ ਅਧਿਆਪਕਾਂ ਤੋਂ ਚੱਲ ਰਹੇ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਗੱਲ ਕਰੀਏ ਸਰਕਾਰੀ ਮਿਡਲ ਸਕੂਲ ਗੁਰਬਖਸ਼ਪੁਰਾ ਦੀ ਤਾਂ ਜਿੱਥੇ ਇਹ ਸਕੂਲ ਕਿਸੇ ਸਮੇਂ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਸੀ, ਉੱਥੇ ਅੱਜ ਸਥਿਤੀ ਬਿਲਕੁਲ ਉਲਟ ਹੈ ਕਿਉਂਕਿ ਅਕਤੂਬਰ 2017 ਤੋਂ ਸਾਇੰਸ ਤੇ ਹਿਸਾਬ ਅਧਿਆਪਕ ਨੂੰ ਮਹਿਕਮੇ ਵੱਲੋਂ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਤਹਿਤ ਬੀਐੱਮ ਲਾ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਥਾਂ 'ਤੇ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ। ਹੁਣ ਸਾਇੰਸ-ਮੈਥ ਅਧਿਆਪਕ ਨਾ ਹੋਣ ਕਾਰਨ ਬੱਚਿਆਂ ਦੀ ਗਿਣਤੀ 80 ਤੋਂ ਘਟਕੇ 47 ਰਹਿ ਗਈ ਹੈ। ਸੋ ਮਜ਼ਬੂਰ ਹੋਏ ਮਾਪੇ ਆਪਣੇ ਬੱਚਿਆਂ ਨੂੰ ਪ੍ਰਰਾਈਵੇਟ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ। ਇਸ ਦੌਰਾਨ ਨਗਰ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਨਾਲ ਕਈ ਵਾਰ ਜਾ ਕੇ ਗੱਲ ਕੀਤੀ ਗਈ, ਪਰ ਕੋਈ ਹੱਲ ਨਾ ਨਿਕਲਿਆ। ਇਸ ਤੋਂ ਇਲਾਵਾ ਸਿੱਖਿਆ ਸਕੱਤਰ ਪੰਜਾਬ ਨੂੰ ਵੀ ਕਈ ਵਾਰ ਮਿਲਕੇ ਸਕੂਲ ਦੇ ਹਾਲਾਤ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਹੁਣ ਤਕ ਵਿਭਾਗ ਵੱਲੋਂ ਕੋਈ ਜਵਾਬ ਦੇਣਾ ਵਾਜਿਬ ਨਹੀਂ ਸਮਿਝਆ ਗਿਆ। ਇਸ ਸਮੇਂ ਸਰਪੰਚ ਬਲਜੀਤ ਕੌਰ ਅਤੇ ਸਕੂਲ ਕਮੇਟੀ ਚੇਅਰਮੈਨ ਹਰਬੰਸ ਸਿੰਘ, ਹਬੀਬ ਖਾਨ ਤੋਂ ਇਲਾਵਾ ਹਾਜ਼ਰ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦੀ ਹੱਲ ਨਹੀਂ ਕੀਤਾ ਜਾਂਦਾ ਤਾਂ ਸਕੂਲ ਨੂੰ ਜਿੰਦਰਾ ਲਾ ਕੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ।

ਜਦੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਜੋਗਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾ ਦਾ ਫੋਨ ਕਿਸੇ ਹੋਰ ਨੇ ਚੁੱਕਿਆ ਤੇ ਦੱਸਿਆ ਕਿ ਡੀਈਓ ਸਾਹਿਬ ਬਾਹਰ ਗਏ ਹੋਏ ਹਨ।