ਸ਼ੰਭੂ ਗੋਇਲ, ਲਹਿਰਾਗਾਗਾ : ਨੇੜਲੇ ਪਿੰਡ ਗੋਬਿੰਦਗੜ੍ਹ ਖੋਖਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋ ਤਿੰਨ ਪਿੰਡਾਂ ਦਾ ਸਾਂਝਾ ਸਕੂਲ ਹੈ, ਪ੍ਰੰਤੂ ਇਸ ਸਕੂਲ ਵਿੱਚ ਪੰਜ ਲੈਕਚਰਾਰਾਂ ਦੀਆਂ ਸਾਰੀਆਂ ਆਸਾਮੀਆਂ ਖ਼ਾਲੀ ਪਈਆ ਹਨ। ਇੱਥੋਂ ਤਕ ਕਿ ਪਿੰਸੀਪਲ ਵੀ ਸਕੂਲ ਵਿਚ ਸਿਰਫ ਇਕ ਦਿਨ ਹੀ ਆਈ ਸੀ। ਉਸ ਦੀ ਰਿਟਾਇਰਮੈਂਟ ਵਿਚ ਚਾਰ ਮਹੀਨੇ ਰਹਿ ਗਏ ਹਨ ਅਤੇ ਚਾਰ ਮਹੀਨਿਆਂ ਦੀ ਹੀ ਛੁੱਟੀ ਲੈ ਕੇ ਚਲੀ ਗਈ ਹੈ। ਜਿਸ ਕਾਰਨ ਉਹ ਵੀ ਪੋਸਟ ਖ਼ਾਲੀ ਹੈ। ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਵਿਚ ਪੜ੍ਹਦੇ 112 ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਲੜਖੜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਵਾਰੇ ਪਿੰਡ ਵਾਸੀਆਂ ਅਤੇ ਬੱਚਿਆਂ ਦੁਆਰਾ ਟੀਚਰਾਂ ਦੀਆਂ ਖ਼ਾਲੀ ਪੋਸਟਾਂ ਖ਼ਿਲਾਫ਼ ਕਈ ਵਾਰੀ ਧਰਨਾ ਲੱਗ ਚੁੱਕਾ ਹੈ ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕਦੀ।

ਸਕੂਲ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਖੋਖਰ ਨੇ ਦੱਸਿਆ ਕਿ ਜੇਕਰ ਸੰਘਰਸ਼ ਕਰਕੇ ਅਧਿਆਪਕਾਂ ਦੀ ਬਦਲੀ ਕਰਵਾ ਵੀ ਲੈਂਦੇ ਹਾਂ ਤਾਂ ਉਹ ਪੰਜ-ਸੱਤ ਦਿਨਾਂ ਵਿਚ ਹੀ ਆਪਣੀ ਬਦਲੀ ਰੱਦ ਕਰਵਾ ਲੈਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਬਦਲੀ ਹੋ ਕੇ ਆਉਣ ਵਾਲੇ ਟੀਚਰਾਂ ਦੀ ਸਮਾਂ ਸੀਮਾ ਨਿਸ਼ਚਤ ਕਰੇ। ਸਕੂਲ ਦੇ ਵਿਦਿਆਰਥੀ ਹਰਮਨਦੀਪ ਸਿੰਘ ਅਤੇ ਲੜਕੀ ਕੰਚਨ ਨੇ ਕਿਹਾ ਕਿ ਸਾਰੀਆਂ ਪੋਸਟਾਂ ਖਾਲੀ ਹੋਣ ਕਰਕੇ ਕਦੇ-ਕਦੇ ਸਾਡੇ ਪੀਰੀਅਡ ਮਾਸਟਰ ਕੇਡਰ ਦੇ ਅਧਿਆਪਕ ਲਾਉਂਦੇ ਹਨ, ਜਿਸ ਕਰਕੇ ਸਾਡੇ ਨਾਲ-ਨਾਲ ਛੋਟੀਆਂ ਕਲਾਸਾਂ ਦੇ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲੈਕਚਰਾਰ ਅਤੇ ਪਿ੍ਰੰਸੀਪਲ ਦੀ ਆਸਾਮੀ ਪੂਰੀ ਨਾ ਕੀਤੀ ਗਈ ਤਾਂ ਦੁਬਾਰਾ ਕਰਨ ਲਈ ਸੰਘਰਸ਼ ਲਈ ਮਜ਼ਬੂਰ ਹੋਣਾ ਪਏਗਾ।

ਕੀ ਕਹਿਣਾ ਹੈ ਇਸ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਭਾਸ਼ ਚੰਦਰ ਨੇ ਕਿਹਾ ਕਿ ਮੈਂ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਦੀ ਲਿਸਟ ਮੰਗਾਈ ਹੋਈ ਹੈ। ਜਿੱਥੇ ਪਿ੍ਰੰਸੀਪਲ ਫਾਲਤੂ ਹੋਏ, ਉਨ੍ਹਾਂ ਵਿੱਚੋਂ ਇਸ ਸਕੂਲ ਵਿੱਚ ਭੇਜ ਕੇ ਅਸਾਮੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।