ਯੋਗੇਸ਼ ਸ਼ਰਮਾ, ਭਦੌੜ : ਸਟੇਟ ਬੈਂਕ ਆਫ਼ ਇੰਡਿਆ ਬ੍ਾਂਚ ਭਦੌੜ 'ਚ ਸਟਾਫ਼ ਦੀ ਕਮੀ ਕਾਰਨ ਆਮ ਲੋਕ ਬੇਹੱਦ ਪਰੇਸ਼ਾਨ ਹਨ। ਸਟਾਫ਼ ਦੀ ਕਮੀ ਕਾਰਨ ਆਪਣੇ ਕੰਮਾਂ ਲਈ ਲੋਕਾਂ ਨੂੰ ਲੰਬੀਆਂ-ਲੰਬੀਆਂ ਲਾਈਨਾਂ 'ਚ ਖੜ੍ਹਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਕਈ ਵਾਰ ਤਾਂ ਪੈਨਸ਼ਨਾਂ ਤੇ ਹੋਰ ਕੰਮਾਂ ਲਈ ਆਮ ਲੋਕਾਂ ਨੂੰ ਸਾਰਾ-ਸਾਰਾ ਦਿਨ ਬੈਂਕ 'ਚ ਰੁਲ ਕੇ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ। ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰ ਸੁਖਦੇਵ ਸਿੰਘ, ਗਗਨਦੀਪ ਸਿੰਘ, ਗੁਰਚਰਨ ਸਿੰਘ ਨਾਨਕ, ਅਜੈਬ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ ਅਤੇ ਡਾ. ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਬੈਂਕ ਦੀ ਸਰਵਿਸ ਐਨੀ ਮਾੜੀ ਹੋ ਚੁੱਕੀ ਹੈ ਕਿ ਹਰ ਵਿਅਕਤੀ ਨੂੰ ਇੱਥੇ ਆ ਕੇ ਰੁਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਬੈਂਕ 'ਚ ਮੌਜੂਦ ਉਕਤ ਵਿਅਕਤੀਆਂ ਨੇ ਦੱਸਿਆ ਕਿ ਸਾਨੂੰ ਰੁਟੀਨ ਕੰਮਾਂ ਲਈ ਅੱਜ ਬੈਂਕ ਵਿਖੇ ਆਇਆ ਨੂੰ 4 ਘੰਟੇ ਹੋ ਚੁੱਕੇ ਹਨ, ਪਰ ਸਾਡੇ ਕੰਮ ਕਿਸੇ ਸਿਰੇ ਨਹੀਂ ਲੱਗ ਸਕੇ। ਜਦੋਂ ਇਸ ਸਬੰਧੀ ਸਹਾਇਕ ਮੈਨੇਜਰ ਨੀਰਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਵੇਂ ਮੈਨੇਜਰ ਸਾਹਿਬ ਦੇ ਆਰਡਰ ਹੋ ਚੁੱਕੇ ਹਨ ਤੇ ਇਹ ਦਿੱਕਤ ਸਟਾਫ਼ ਦੀ ਕਮੀ ਕਾਰਨ ਆ ਰਹੀ ਹੈ। ਜਦੋਂ ਸਟਾਫ਼ ਪੂਰਾ ਹੋ ਗਿਆ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।