ਮਨਪ੍ਰੀਤ ਜਲਪੋਤ, ਤਪਾ ਮੰਡੀ : ਮੰਗਲਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਤਪਾ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦ ਪੱਲੇਦਾਰਾਂ ਨੇ ਇਕ-ਦੂਜੇ 'ਤੇ ਹਮਲਾ ਕਰ ਦਿੱਤਾ। ਦੋਵਾਂ ਧਿਰਾਂ ਦੀ ਲੜਾਈ ਵਿਚ ਦਰਜਨ ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋ ਗਏ।

ਮਜ਼ਦੂਰਾਂ ਨੇ ਦੱਸਿਆ ਕਿ ਉਹ ਸੋਮਾ ਗੋਦਾਮਾਂ ਵਿਚ ਝਾਰਖੰਡ ਵਿਚ ਲੱਗੀ ਸਪੈਸ਼ਲ ਭਰਨ ਆਏ ਸਨ। ਸਪੈਸ਼ਲ ਭਰਨ ਦਾ ਟੈਂਡਰ ਰਾਜੀਵ ਦੇ ਨਾਂ 'ਤੇ ਹੈ, ਜਿਸ ਦਾ ਕਰਾਰਨਾਮਾ ਪਾਲ ਸੈਕਟਰੀ ਨਾਲ ਹੋਇਆ ਹੈ ਪਰ ਬਾਗੀ ਧੜੇ ਦੇ ਪੱਲੇਦਾਰ ਉਨ੍ਹਾਂ ਨੂੰ ਕੰਮ 'ਤੇ ਨਹੀ ਲੱਗਣ ਦੇ ਰਹੇ ਸਨ।

ਓਧਰ ਦੂਜੇ ਧੜੇ ਦੇ ਪ੍ਰਧਾਨ ਹੈਪੀ ਸਿੰਘ ਨੇ ਦੱਸਿਆ ਕਿ ਪਾਲ ਸੈਕਟਰੀ ਤੇ ਜਗਦੀਸ਼ ਭਾਂਬੜ ਗੁੰਡਾਗਰਦੀ ਕਰਦੇ ਹਨ ਤੇ ਉਨ੍ਹਾਂ ਦਾ ਬਕਾਇਆ ਵੀ ਨਹੀਂ ਦੇ ਰਹੇ ਅਤੇ ਪੱਲੇਦਾਰਾਂ ਵਿਚ ਪਾੜ ਪਾ ਰਹੇ ਹਨ। ਦੋਵੇਂ ਧੜਿਆਂ ਦੀ ਤਕਰਾਰਬਾਜ਼ੀ ਦੇ ਚਲਦਿਆਂ ਇਹ ਲੜਾਈ ਹੋਈ ਹੈ।

ਪਾਲ ਸੈਕਟਰੀ ਦੇ ਮਜ਼ਦੂਰਾਂ ਨੇ ਕਿਹਾ ਕਿ ਉਹ ਕੰਮ 'ਤੇ ਲੱਗੇ ਹੋਏ ਸਨ, ਜਦਕਿ ਹੈਪੀ ਸਿੰਘ, ਜੱਗਾ ਸਿੰਘ, ਮੱਖਣ ਸਿੰਘ, ਅਮਰਜੀਤ, ਸੇਵਾ ਸਿੰਘ, ਬਿੰਦਰ ਤੇ ਜਲਾਲ ਖਾਂ ਨੇ ਆ ਕੇ ਹਮਲਾ ਕੀਤਾ ਹੈ, ਜਿਸ ਵਿਚ ਜੀਵਸ ਯਾਦਵ, ਰਾਮ ਦਲੇਸ਼, ਇੰਦਰ ਯਾਦਵ, ਗੰਗਾ ਸਿੰਘ, ਸ਼ਿੰਦਰਪਾਲ, ਰਾਮ, ਮੰਟਨ ਪਾਸਵਾਨ ਤੇ ਰਾਜੇਸ਼ ਕੁਮਾਰ ਜ਼ਖ਼ਮੀ ਹੋ ਗਏ ਹਨ। ਬਾਗ਼ੀ ਦੂਜੇ ਧੜੇ ਦੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਅੱਧੀ ਦਰਜਨ ਮਜ਼ਦੂਰ ਕੁਲਬੀਰ ਸਿੰਘ, ਸਮਨਪ੍ਰੀਤ, ਉਮੇਸ਼ ਸ਼ਰਮਾ, ਵਿਨੋਦ ਸ਼ਾਹ, ਸਤਨਾਮ ਫੱਟੜ ਹੋਏ ਹਨ।

ਜਦੋ ਥਾਣਾ ਤਪਾ ਦੇ ਮੁਖੀ ਜਾਨਪਾਲ ਸਿੰਘ ਹੰਝਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਲੜਾਈ ਰੇਲਵੇ ਪੁਲਿਸ ਦੇ ਖੇਤਰ ਵਿਚ ਹੋਈ ਹੈ, ਇਸ ਲਈ ਕਾਰਵਾਈ ਰੇਲਵੇ ਪੁਲਿਸ ਕਰੇਗੀ।