ਸੁਰਿੰਦਰ ਗੋਇਲ, ਸ਼ਹਿਣਾ : ਕੋਰੋਨਾ ਸੰਕਟ ਕਈ ਥਾਈਂ ਏਨਾ ਕਹਿਰਵਾਨ ਹੋ ਗੁਜ਼ਰਿਆ ਹੈ ਕਿ ਉਥੋਂ ਦੇ ਕਈ ਪਰਿਵਾਰਾਂ ਤੇ ਕਈ ਲੋਕਾਂ ਨੂੰ ਤਮਾਮ ਉਮਰ ਕੋਰੋਨਾ ਸੰਕਟ ਦੌਰਾਨ ਝੱਲਿਆ ਸੰਤਾਪ ਯਾਦ ਰਹੇਗਾ। ਜਿਸ ਦੀ ਮਿਸਾਲ ਫਰਵਰੀ, ਮਾਰਚ ਮਹੀਨੇ 'ਚ ਲਾਕਡਾਊਨ ਤੋਂ ਪਹਿਲਾਂ ਕਸਬਾ ਸ਼ਹਿਣਾ ਤੋਂ ਬਿਹਾਰ ਤੇ ਮੱਧ ਪ੍ਰਦੇਸ਼ 'ਚ ਕੰਬਾਈਨ 'ਤੇ ਗਏ 2 ਪੰਜਾਬੀ ਮਜ਼ਦੂਰ 1400 ਕਿਲੋਮੀਟਰ ਸਾਈਕਲ 'ਤੇ ਸਫ਼ਰ ਤੈਅ ਕਰ ਕੇ ਸ਼ਹਿਣਾ ਪਰਤਣ ਤੋਂ ਮਿਲਦੀ ਹੈ। ਜੋ ਤੁਰਨ ਤੋਂ ਲੈ ਕੇ ਪਹੁੰਚਣ ਤਕ ਸਿਹਤ ਵਿਭਾਗ ਤੇ ਪੁਲਿਸ ਨਾਲ ਸੰਪਰਕ 'ਚ ਰਹਿਣ ਕਰਕੇ ਸਿੱਧਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸ਼ਹਿਣਾ 'ਚ ਬਣੇ ਇਕਾਂਤਵਾਸ ਕੇਂਦਰ 'ਚ ਪੁੱਜੇ।

ਇਨ੍ਹਾਂ ਨੌਜਵਾਨਾਂ ਦੇ ਪੁੱਜਣ ਤੋਂ ਪਹਿਲਾ ਹੀ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਬੁੱਟਰ, ਫਾਰਮਾਸਿਸਟ ਹਰਪਾਲ ਸਿੰਘ ਪਾਲੀ, ਸਿਹਤ ਕਰਮਚਾਰੀ ਰੂਪ ਸਿੰਘ ਤੇ ਗੁਰਪ੍ਰਰੀਤ ਸ਼ਹਿਣਾ, ਬੀਐੱਲਓ ਸੁਰਿੰਦਰ ਕੁਮਾਰ, ਸੈਕਟਰ ਅਫ਼ਸਰ ਡਾ. ਗੁਰਬਿੰਦਰ ਸਿੰਘ ਸੰਧੂ, ਥਾਣਾ ਮੁਖੀ ਅਜਾਇਬ ਸਿੰਘ ਮੌਜੂਦ ਸਨ। ਇਸ ਸਮੇਂ 'ਪੰਜਾਬੀ ਜਾਗਰਣ' ਵੱਲੋਂ ਇਨ੍ਹਾਂ ਮਜ਼ਦੂਰ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਮਲਪ੍ਰਰੀਤ ਸਿੰਘ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਲੰਘੀ 11 ਮਾਰਚ ਨੂੰ ਬਿਹਾਰ ਦੇ ਜ਼ਿਲ੍ਹਾ ਬੇਗੂਸਰਾਏ ਦੇ ਪਿੰਡ ਬਰੋਨੀ ਵਿਖੇ ਕੰਬਾਈਨ 'ਤੇ ਕੰਮ ਕਰਨ ਲਈ ਗਏ ਸਨ।

ਉਨ੍ਹਾਂ ਦੱਸਿਆ ਕਿ ਅਪੈ੍ਲ 'ਚ ਵਾਪਸ ਮੁੜਨ ਸਮੇਂ ਲਾਕਡਾਊਨ ਹੋਣ ਕਰਕੇ ਕੁਝ ਦਿਨ ਉਡੀਕ ਕੀਤੀ, ਪਰ ਕਿਤੇ ਕੋਈ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਇਕ ਨਵਾਂ ਸਾਈਕਲ ਖ਼ਰੀਦਿਆ ਤੇ 2 ਮਈ ਨੂੰ ਵਾਪਸ ਚੱਲ ਪਏ। ਕਮਲਪ੍ਰਰੀਤ ਨੇ ਦੱਸਿਆ ਕਿ ਆਪਣੇ ਸਾਥੀ ਨਾਲ ਇਕੱਲਾ ਸਾਈਕਲ 'ਤੇ 1400 ਕਿਲੋਮੀਟਰ ਦਾ ਲੰਮਾ ਪੈਡਾ ਤੈਅ ਕਰ ਕੇ 9 ਦਿਨ 'ਚ ਪੁੱਜਾ ਹੈ ਤੇ ਰਸਤੇ 'ਚ ਕਿਤੇ-ਕਿਤੇ ਢਾਬਾ ਮਿਲਣ 'ਤੇ ਖਾਣੇ ਦਾ ਪ੍ਰਬੰਧ ਹੁੰਦਾ ਰਿਹਾ।

ਮੱਧ ਪ੍ਰਦੇਸ਼ 'ਚੋਂ ਆਏ ਭੁੱਖੇ ਤਿਹਾਏ ਨੌਜਵਾਨ ਮਜ਼ਦੂਰ

ਇਸੇ ਤਰ੍ਹਾਂ ਫਰਵਰੀ 'ਚ 1100 ਕਿਲੋਮੀਟਰ ਦੂਰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਾਗਰ ਦੇ ਪਿੰਡ ਰਾਹਤਗੜ੍ਹ ਗਏ 4 ਮਜ਼ਦੂਰ ਜਗਸੀਰ ਸਿੰਘ, ਬਿੱਟੂ ਸਿੰਘ, ਸੰਦੀਪ ਸਿੰਘ ਤੇ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਕੰਬਾਈਨ 'ਤੇ ਕੰਮ ਕਰਨ ਲਈ ਗਏ ਸਨ, ਪਰ ਵਾਪਸੀ ਸਮੇਂ ਲਾਕਡਾਊਨ ਹੋਣ ਕਾਰਨ ਉੱਥੇ ਹੀ ਫਸ ਗਏ ਤੇ ਕਿਸੇ ਨੇ ਵਾਪਸੀ ਲਈ ਕੋਈ ਸੁਣਵਾਈ ਨਾ ਹੋਈ ਤਾਂ ਉਹ ਆਖ਼ਰ 5 ਮਈ ਨੂੰ ਵਾਪਸੀ ਲਈ ਨਵੇਂ ਸਾਈਕਲ ਖ਼ਰੀਦ ਕੇ ਚੱਲ ਪਏ।

ਉਨ੍ਹਾਂ ਦੱਸਿਆ ਕਿ ਰਸਤੇ 'ਚ ਰੋਟੀ ਤਾਂ ਛੱਡੋ ਕਿਸੇ ਨੇ ਪਾਣੀ ਪੀਣ ਲਈ ਬੋਤਲ ਤਕ ਨਹੀਂ ਭਰਨ ਦਿੱਤੀ। ਉਨ੍ਹਾਂ ਦੱਸਿਆ ਕਿ ਜਿੱਥੇ ਉਹ ਰੁਕਣ ਦੀ ਕੋਸ਼ਿਸ਼ ਕਰਦੇ, ਉੱਥੇ ਲੋਕ ਅੱਗੇ ਜਾਣ ਲਈ ਕਹਿ ਦਿੰਦੇ ਤੇ ਪੁਲਿਸ ਵੀ ਕੁਝ ਸੁਣਨ ਦੀ ਬਜਾਏ ਅੱਗੇ ਭਜਾ ਦਿੰਦੀ। ਉਨ੍ਹਾਂ ਦੱਸਿਆ ਕਿ ਅਜਿਹਾ ਖੌਫ਼ਨਾਕ ਵਰਤਾਰਾ ਦੇਖ ਕੇ ਰੂਹ ਕੰਬ ਜਾਂਦੀ ਸੀ ਤੇ ਹੁਣ ਉਹ ਕਦੇ ਵੀ ਹੋਰ ਕਿਸੇ ਸੂਬੇ 'ਚ ਜਾ ਕੇ ਮਜ਼ਦੂਰੀ ਕਰਨ ਦੀ ਸੋਚਣਗੇ ਤਕ ਨਹੀਂ।

ਪੈਸੇ ਛੱਡੋ, ਜਾਨ ਤਾਂ ਬਚੀ ਤੇ ਪਿੰਡ ਪੁੱਜੇ

ਉਕਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਰਿਵਾਰ ਦਾ ਪੇਟ ਪਾਲਣ ਲਈ ਮਜ਼ਦੂਰੀ ਕਰਨ ਲਈ ਗਏ ਤੇ ਮਜ਼ਦੂਰੀ ਦੌਰਾਨ ਤੰਗ ਰਹਿ ਕੇ ਕੁਝ ਪੈਸੇ ਜੋੜੇ ਸਨ। ਪਰ ਇਹ ਪੈਸੇ ਮੁੜਨ ਸਮੇਂ ਲਾਕਡਾਊਨ ਹੋਣ ਕਰਕੇ ਕੁਝ ਖਾ ਲਏ ਤੇ ਬਾਕੀ ਬਚਦੇ ਪੈਸਿਆਂ ਦਾ ਸਾਈਕਲ ਖ਼ਰੀਦ ਲਿਆ। ਉਨ੍ਹਾਂ ਦੱਸਿਆ ਕਿ ਕੁਝ ਕੁ ਪੈਸੇ ਬਚੇ ਸਨ, ਉਹ ਰਸਤੇ 'ਚ ਕਿਤੇ ਜੋ ਕੁਝ ਮਿਲਿਆ ਲੈ ਕਾ ਖਾ ਲਿਆ। ਉਨ੍ਹਾਂ ਕਿਹਾ ਕਿ ਪੈਸੇ ਤਾਂ ਛੱਡੋ, ਚਲੋ ਜ਼ਿੰਦਗੀ ਬਚ ਗਈ ਤੇ ਵਾਪਸ ਪਿੰਡ ਸਹੀ ਸਲਾਮਤ ਪਹੁੰਚ ਗਏ।