ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀਆਂ ’ਚੋਂ ਇਕ ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨੇ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਸਣੇ ਜ਼ਿਲ੍ਹਾ ਬਰਨਾਲਾ ’ਚ ਕੇਵਲ ਸਿੰਘ ਢਿੱਲੋਂ ਧੜੇ ’ਚ ਖੁਸ਼ੀ ਦਾ ਆਲਮ ਹੈ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਇਸ ਨਿਯੁਕਤੀ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਉੱਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਇਸ ਜਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਪਾਰਟੀ ਦੀਆਂ ਸਰਗਰਮੀਆਂ ਨੂੰ ਪੰਜਾਬ ਦੇ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਇਕ ਕਰਨਗੇ।

ਗ਼ੌਰ ਹੋਵੇ ਕਿ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਨੂੰ ਜ਼ਿਲ੍ਹੇ ਦਾ ਦਰਜ਼ਾ ਦਵਾਇਆ ਸੀ ਤੇ ਉਹ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਲਗਾਤਾਰ 2 ਵਾਰ ਵਿਧਾਇਕ ਰਹੇ ਹਨ। ਉਹ ਕਾਂਗਰਸ ਪਾਰਟੀ ’ਚ ਵੀ ਸੂਬਾ ਮੀਤ ਪ੍ਰਧਾਨ ਦੇ ਅਹੁਦੇ ’ਤੇ ਰਹਿ ਕੇ 2 ਵਾਰ ਵਿਧਾਇਕ ਚੁਣੇ ਗਏ ਸਨ। ਪਿਛਲੀਆਂ ਚੋਣਾਂ ’ਚ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਜਿੰਨ੍ਹਾਂ ਨੂੰ ਹੁਣ ਭਾਜਪਾ ਵਲੋਂ ਵੀ ਸੂਬਾ ਮੀਤ ਪ੍ਰਧਾਨ ਦੇ ਅਹੁਦੇ ਨਾਲ ਨਵਾਜਿਆ ਗਿਆ ਹੈ। ਵੱਡੇ ਕਾਰਪੋਰੇਟ ਘਰਾਣੇ ਦੇ ਮਾਲਕ ਕੇਵਲ ਸਿੰਘ ਢਿੱਲੋਂ ਦਾ ਪੰਜਾਬ ’ਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ’ਚ ਵੀ ਵੱਡਾ ਕਾਰੋਬਾਰ ਹੈ। ਉਹ ਜ਼ਿਲ੍ਹੇ ਬਰਨਾਲੇ ਦੇ ਵਿਕਾਸ ਲਈ ਹਮੇਸ਼ਾ ਚਿੰਤਿਤ ਰਹਿੰਦੇ ਹਨ। ਢਿੱਲੋਂ ਦੀ ਇਸ ਨਿਯੁਕਤੀ ’ਤੇ ਜ਼ਿਲ੍ਹਾ ਬਰਨਾਲਾ ਦੇ ਭਾਜਪਾ ਆਗੂਆਂ ਤੇ ਵਰਕਰਾਂ ਸਣੇ ਢਿੱਲੋਂ ਦੀ ਸਮਰੱਥਕਾਂ ਵਲੋਂ ਵਧਾਈ ਦੇਣ ਦਾ ਬਰਨਾਲਾ ਵਿਖੇ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਤਾਂਤਾ ਲੱਗਿਆ ਹੋਇਆ ਹੈ।

Posted By: Seema Anand