ਸ਼ੰਭੂ ਗੋਇਲ, ਲਹਿਰਾਗਾਗਾ : ਪੰਚਾਇਤ ਵੱਲੋਂ ਕਰਵਾਈ ਮਿਣਤੀ ਦੌਰਾਨ ਗਾਇਕ/ਕਲਾਕਾਰ ਕੌਰ ਬੀ ਦੀ ਕੋਠੀ ਵੀ ਪੰਚਾਇਤੀ ਜ਼ਮੀਨ ਦੇ ਘੇਰੇ ਵਿਚ ਆ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਖਨੌਰੀ ਨੇੜਲੇ ਪਿੰਡ ਨਵਾਂਗਾਓਂ ਦੀ ਪੰਚਾਇਤ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ ਕਰਵਾਈ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਕੁਲਵੰਤ ਸਿੰਘ ਨਵਾਂਗਾਓਂ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਮੁਤਾਬਕ ਕਰਵਾਈ ਵਾਹੀਯੋਗ ਜ਼ਮੀਨ ਦੀ ਮਿਣਤੀ ਮੁਤਾਬਕ ਕਰਤਾਰ ਸਿੰਘ ਹੋਤੀਪੁਰ, ਗਾਇਕ ਕੌਰ ਬੀ ਦੇ ਪਰਿਵਾਰ ਤੇ ਅਮਰਜੀਤ ਸਿੰਘ ਹੋਤੀਪੁਰ ਨੇ ਪੰਚਾਇਤ ਦੀ ਵਾਹੀਯੋਗ ਜ਼ਮੀਨ 'ਤੇ ਆਪਣਾ ਕਬਜ਼ਾ ਕਰ ਕੇ ਖੇਤੀ ਕਰ ਰਹੇ ਹਨ। ਸਰਪੰਚ ਨੇ ਕਿਹਾ ਕਿ ਇਸ ਤੋਂ ਇਲਾਵਾ ਕੌਰ ਬੀ ਦੇ ਪਰਿਵਾਰ ਨੇ ਪੰਚਾਇਤੀ ਜ਼ਮੀਨ 'ਤੇ ਕੋਠੀ ਪਾਈ ਹੋਈ ਹੈ। ਜਦੋਂ ਇਸ ਸਬੰਧੀ ਜਿੰਮੀਦਾਰ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਫ਼ੈਸਲੇ ਨਾਲ ਸਹਿਮਤ ਹਾਂ, ਜੇ ਸਾਡੇ ਕੋਲ ਪੰਚਾਇਤ ਦੀ ਵਾਹੀਯੋਗ ਜ਼ਮੀਨ ਸੀ, ਉਸ ਦਾ ਕਬਜ਼ਾ ਛੱਡ ਰਹੇ ਹਾਂ।

ਜਦੋਂ ਇਸ ਸਬੰਧੀ ਕੌਰ ਬੀ ਦੇ ਭਰਾ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਪੰਚਾਇਤੀ ਜ਼ਮੀਨ ਛੁਡਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਅਸੀਂ ਸਰਕਾਰ ਦੇ ਨਿਯਮਾਂ ਨੂੰ ਸਿਰ ਮੱਥੇ ਮੰਨਦੇ ਹਾਂ ਤੇ ਸਰਕਾਰੀ ਫ਼ੈਸਲੇ ਨਾਲ ਸਹਿਮਤ ਹਾਂ। ਇਸ ਮੌਕੇ ਪੰਚਾਇਤ ਸੈਕਟਰੀ ਡਿੰਪਲ, ਗੁਰਸਾਹਿਬ ਸਿੰਘ, ਜਸਪਾਲ ਸਿੰਘ, ਕਰਤਾਰ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਰੇਸ਼ਮ ਸਿੰਘ, ਪ੍ਰਦੀਪ ਸਿੰਘ ਤੇ ਹੋਰ ਹਾਜ਼ਰ ਸਨ।