ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਜਾਰੀ ਕੀਤੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਭਵਾਨੀਗੜ੍ਹ ਦੀ ਹੋਣਹਾਰ ਵਿਦਿਆਰਥਣ ਜਸਮੀਤ ਕੌਰ ਪੁਤਰੀ ਗੁਰਦੀਪ ਸਿੰਘ ਵਾਸੀ ਭਵਾਨੀਗੜ੍ਹ ਨੇ ਸੂਬੇ ਭਰ 'ਚੋੰ ਚੌਥਾ ਤੇ ਜਿਲਾ ਸੰਗਰੂਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜਸਮੀਤ ਕੌਰ ਸਕੂਲ ਦੀ ਹੋਣਹਾਰ ਲੜਕੀਆਂ 'ਚੋੰ ਇੱਕ ਹੈ ਜਿਸਨੇ ਆਪਣੀ ਮਿਹਨਤ ਤੇ ਲਗਨ ਨਾਲ ਦਸਵੀੰ 'ਚੋੰ 644 ਅੰਕਾਂ ਨਾਲ 99.08 ਫੀਸਦੀ ਨੰਬਰ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਵਿਦਿਆਰਥਣ ਨੇ ਸੂਬੇ ਭਰ 'ਚ ਆਪਣਾ ਨਾਂ ਚਮਕਾਇਆ ਹੈ ਜਿਸਦੀ ਬਦੌਲਤ ਸਕੂਲ ਦਾ ਸਮੂਹ ਸਟਾਫ਼ ਮਾਣ ਮਹਿਸੂਸ ਕਰ ਰਿਹਾ ਹੈ। ਪ੍ਰਿੰਸੀਪਲ ਬੋਪਾਰਾਏ ਤੇ ਦਸਵੀੰ ਦੇ ਇੰਚਾਰਜ ਮੈਡਮ ਰਸ਼ਮੀ ਨੇ ਵਿਦਿਆਰਥਣ ਜਸਮੀਤ ਕੌਰ ਦਾ ਮੂੰਹ ਮਿੱਠਾ ਕਰਵਾਉੰਦਿਆਂ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ। ਜਸਮੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਤੇ ਮਾਤਾ ਮਨਜੀਤ ਕੌਰ ਆਪਣੀ ਬੇਟੀ ਦੀ ਸਫਲਤਾ 'ਤੇ ਬੇਹੱਦ ਖੁਸ਼ ਦਿਖਾਈ ਦਿੱਤੇ। ਵਿਦਿਆਰਥਣ ਜਸਮੀਤ ਕੌਰ ਨੇ ਕਿਹਾ ਕਿ ਉਸਦਾ ਮੈਡੀਕਲ ਖੇਤਰ ਵਿੱਚ ਖਾਸ ਝੁਕਾਅ ਹੈ ਤੇ ਉਹ ਇੱਕ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਜਸਮੀਤ ਦੇ ਪਿਤਾ ਜੋ ਤਿੰਨ ਬੇਟੀਆਂ ਦੇ ਪਿਤਾ ਹਨ ਤੇ ਸਥਾਨਕ ਕਾਕੜਾ ਰੋਡ 'ਤੇ ਟੇਲਰਿੰਗ ਦਾ ਕੰਮ ਕਰਦੇ ਹਨ ਨੇ ਕਿਹਾ ਕਿ ਉਹ ਸਖਤ ਮਿਹਨਤ ਕਰਕੇ ਆਪਣੇ ਬੱਚੀਆਂ ਨੂੰ ਪੜਾ ਰਹੇ ਹਨ ਤੇ ਉਹ ਵੀ ਆਪਣੀ ਬੇਟੀਆਂ ਨੂੰ ਜਿੰਦਗੀ 'ਚ ਕਿਸੇ ਚੰਗੇ ਮੁਕਾਮ 'ਤੇ ਦੇਖਣਾ ਚਾਹੁੰਦੇ ਹਨ। ਇਸ ਮੌਕੇ ਸਕੂਲ ਦੇ ਲੈਕਚਰਾਰ ਹਰਵਿੰਦਰਪਾਲ ਮੋਤੀ ਨੇ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Posted By: Shubham Kumar