ਬਲਜੀਤ ਸਿੰਘ ਟਿੱਬਾ, ਸੰਗਰੂਰ : ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਪਾਰਟੀ ਦੇ ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਜਿੱਥੇ ਕੋਰੋਨਾ ਦੌਰਾਨ ਪੂਰਾ ਦੇਸ਼ ਕੁਦਰਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਸਾਡੇ ਦੇਸ਼ ਦੀ ਅਤੇ ਸੂਬੇ ਦੀ ਸਰਕਾਰ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਰਾਹਤ ਦੇਣ 'ਚ ਨਾਕਾਮ ਸਾਬਤ ਹੋਈਆਂ ਹਨ।

ਇੱਕ ਪਾਸੇ ਕੋਰੋਨਾ ਦੌਰਾਨ ਲੋਕਾਂ ਦੀ ਸਾਂਭ ਸੰਭਾਲ ਤੇ ਇਲਾਜ ਪੱਖੋਂ ਪੂਰੇ ਦੇਸ਼ 'ਚੋਂ ਪੰਜਾਬ ਸੂਬੇ ਅੰਦਰ ਮੌਤ ਦਰ ਸਭ ਤੋਂ ਵੱਧ ਹੈ, ਦੂਸਰੇ ਪਾਸੇ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਵੀ ਲੋਕਾਂ ਦਾ ਲੱਕ ਤੋੜ ਰੱਖਿਆ ਹੈ। ਪਿਛਲੇ ਸਾਲ ਤੋਂ ਕੋਰੋਨਾ ਕਾਰਨ ਲੋਕਾਂ ਦੇ ਕੰਮ ਕਾਜ 'ਚ ਕਾਫ਼ੀ ਕਮੀ ਆਈ ਹੈ ਤੇ ਲੋਕਾਂ ਦੀ ਕਮਾਈ ਦੇ ਸਾਧਨ ਵੀ ਘਟੇ ਹਨ ਤੇ ਲੋਕਾਂ ਦੇ ਘਰ ਦੇ ਖ਼ਰਚੇ ਪਹਿਲਾਂ ਨਾਲੋਂ ਮਹਿੰਗਾਈ ਹੋਣ ਕਾਰਨ ਦੁੱਗਣੇ ਹੋ ਗਏ ਹਨ। ਅਪ੍ਰਰੈਲ 2020 'ਚ ਡੀਜ਼ਲ ਦੀ ਕੀਮਤ ਲਗਭਗ 61 ਰੁਪਏ ਸੀ ਜੋ ਹੁਣ ਜੂਨ 2021 'ਚ ਲਗਭਗ 88 ਰੁਪਏ ਹੋ ਗਈ ਹੈ ਅਤੇ ਇੱਕ ਸਾਲ 'ਚ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ 'ਚ 50 ਫੀਸਦੀ ਦਾ ਵਾਧਾ ਹੋਣਾ ਲੋਕਾਂ ਉੱਪਰ ਵਾਧੂ ਦਾ ਬੋਝ ਹੈ, ਇਸੇ ਤਰਾਂ੍ਹ ਹੀ ਘਰਾਂ 'ਚ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਜਿਵੇਂ ਕਿ ਤੇਲ, ਿਘਉ, ਰਸੋਈ ਗੈੱਸ, ਦਾਲ਼ਾਂ ਤੇ ਲੋਹਾ, ਰੇਤਾ ਬਜਰੀ ਦੀਆਂ ਕੀਮਤਾਂ ਵੀ ਤਕਰੀਬਨ ਦੁਗਣੀਆਂ ਹੋ ਚੁੱਕੀਆਂ ਹਨ, ਜਿਸ ਨਾਲ ਲੋਕਾਂ ਦਾ ਜੀਵਨ ਬੁਰੀ ਤਰਾਂ੍ਹ ਪ੍ਰਭਾਵਿਤ ਹੋਇਆ ਹੈ। ਅੱਜ ਪੂਰੇ ਸੰਸਾਰ ਭਰ 'ਚੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਸਭ ਤੋਂ ਵੱਧ ਭਾਰਤ 'ਚ ਹਨ, ਜਿਸ ਤੋਂ ਸਾਡੇ ਦੇਸ਼ ਦੀ ਸਰਕਾਰ ਟੈਕਸਾਂ ਦੇ ਰੂਪ 'ਚ ਮੋਟੀ ਕਮਾਈ ਕਰ ਰਹੀ ਹੈ।

ਇਸ ਕਰਕੇ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਕੋਰੋਨਾ ਸਮੇਂ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਦੇ ਲੋਕਾਂ ਨੂੰ ਆਪਣੇ ਟੈਕਸ ਘਟਾ ਕੇ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਮਹਿਗਾਈ ਕਾਰਨ ਬਦ ਤੋਂ ਬਦਤਰ ਹੋ ਰਹੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।