ਪਰਦੀਪ ਸਿੰਘ ਕਸਬਾ, ਸੰਗਰੂਰ : ਕੋਰੋਨਾ ਮਹਾਮਾਰੀ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਸੰਗਰੂਰ ਅੰਦਰ ਪਹਿਲਾਂ 206 ਕੇਸ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ ਸਨ ਅਤੇ ਅੱਜ 35 ਨਵੇਂ ਕੇਸ ਆਉਣ ਨਾਲ ਇਨ੍ਹਾਂ ਦੀ ਗਿਣਤੀ ਵਧ ਕੇ 241 ਹੋ ਗਈ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਥਾਵਾਂ 'ਤੇ 35 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚ ਮਾਰੇਲਕੋਟਲਾ 7, ਸੰਗਰੂਰ 12, ਮੂਣਕ 11, ਫ਼ਤਹਿਗੜ੍ਹ ਪੰਜਗਰਾਈਆਂ 1, ਸ਼ੇਰਪੁਰ 2, ਲੌਂਗੋਵਾਲ 1 ਅਤੇ ਅਮਰਗੜ੍ਹ ਵਿਖੇ 1 ਕੇਸ ਪਾਜ਼ੇਟਿਵ ਪਾਇਆ ਗਿਆ ਹੈ। ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਵਧਣ ਕਾਰਨ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਲੇਰਕੋਟਲਾ ਸ਼ਹਿਰ ਨੂੰ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਪਰ ਮੈਡੀਕਲ ਸਟੋਰ 'ਤੇ ਕੁੱਝ ਹੋਰ ਵਸਤਾਂ ਦੀ ਸਪਲਾਈ ਲਈ ਕੁੱਝ ਸਮੇਂ ਵਾਸਤੇ ਛੋਟ ਵੀ ਦਿੱਤੀ ਗਈ ਹੈ। ਕੋਰੋਨਾ ਪੀੜਤਾਂ ਨਾਲ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿੱਚ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਕੁੱਲ 241 ਕੋਰੋਨਾ ਮਰੀਜ਼ ਹਨ। ਸੰਗਰੂਰ ਬਲਾਕ ਵਿੱਚ 34, ਮਾਲੇਰਕੋਟਲਾ ਬਲਾਕ ਵਿੱਚ 118, ਬਲਾਕ ਧੂਰੀ ਵਿੱਚ 27, ਸੁਨਾਮ ਬਲਾਕ ਵਿੱਚ 8, ਕੌਹਰੀਆਂ ਬਲਾਕ ਵਿੱਚ 4, ਭਵਾਨੀਗੜ੍ਹ ਬਲਾਕ ਵਿੱਚ 3, ਲੌਂਗੋਵਾਲ ਬਲਾਕ ਵਿੱਚ 4, ਅਮਰਗੜ੍ਹ ਬਲਾਕ ਵਿੱਚ 17, ਮੂਨਕ ਬਲਾਕ ਵਿੱਚ 13, ਸ਼ੇਰਪੁਰ ਬਲਾਕ ਵਿੱਚ 6, ਫਤਿਹਗੜ੍ਹ ਪੰਜਗਰਾਈਆਂ ਬਲਾਕ ਵਿੱਚ 6, ਅਹਿਮਦਗੜ੍ਹ ਬਲਾਕ ਵਿੱਚ 1 ਐਕਟਿਵ ਕੋਰੋਨਾ ਪਾਜ਼ੇਟਿਵ ਮਰੀਜ਼ ਹਨ ਜਦ ਕਿ ਹੁਣ ਤੱਕ ਸੰਗਰੂਰ ਜ਼ਿਲ੍ਹੇ ਵਿੱਚੋਂ 221 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।