ਜੇਐੱਨਐੱਨ, ਮਾਲੇਰਕੋਟਲਾ : ਇਕ ਪਤੀ ਨੇ ਆਪਣੀ ਪਤਨੀ ਨੂੰ ਨਿਕਾਹ ’ਚ ਪੌਣੇ ਦੋ ਸਾਲਾਂ ਬਾਅਦ ਡਾਕ ਦੇ ਜ਼ਰੀਏ ਤਲਾਕਨਾਮਾ ਸਿਰਫ਼ ਇਸ ਲਈ ਭੇਜ ਦਿੱਤਾ, ਕਿ ਉਹ ਉਹ ਪੈਸੇ ਦੀ ਮੰਗ ਪੂਰੀ ਨਹੀਂ ਕਰ ਰਹੀ ਸੀ। ਕਾਨੂੰਨ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਇਹ ਗ਼ੈਰ ਕਾਨੂੰਨੀ ਹੈ। ਮੁਸਲਿਮ ਔਰਤ ਐਕਟ 2019 ਤਹਿਤ ਕੋਈ ਵੀ ਮੁਸਲਮਾਨ ਪਤੀ ਆਪਣੀ ਪਤਨੀ ਨੂੰ ਇਕ ਹੀ ਸਮੇਂ ’ਤੇ ਤਿੰਨ ਵਾਰ ਤਲਾਕ ਸ਼ਬਦ ਕਹਿ ਕੇ ਤਲਾਕ ਨਹੀਂ ਦੇ ਸਕਦਾ। ਉਸ ਨੂੰ ਬਾਕਾਇਦਾ ਕਾਨੂੰਨੀ ਢੰਗ ਨਾਲ ਤਲਾਕ ਦੇਣਾ ਪਵੇਗਾ। ਲੜਕੀ ਵਾਲਿਆਂ ਅਨੁਸਾਰ, ਉਸ ਦਾ ਸਹੁਰਾ ਪਰਿਵਾਰ ਦਾਜ ਲਿਆਉਣ ਲਈ ਉਸ ਨੂੰ ਪਰੇਸ਼ਾਨ ਕਰਦਾ ਸੀ। ਮਨ੍ਹਾ ਕਰਨ ’ਤੇ ਉਨ੍ਹਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ।

ਪੀੜਤ ਲੜਕੀ ਨੇ ਐੱਸਐੱਸਪੀ ਮਾਲੇਰਕੋਟਲਾ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਨਿਕਾਹ ਇਕ ਜਨਵਰੀ 2019 ਨੂੰ ਮੁਸਲਿਮ ਰੀਤੀ ਰਿਵਾਜ਼ਾਂ ਅਨੁਸਾਰ ਇੰਪਾਇਰ ਰਿਜ਼ੋਰਟ ਮਾਲੇਰਕੋਟਲਾ ’ਚ ਅਰਸ਼ਦ ਖਾਂ ਨਾਲ ਹੋਇਆ ਸੀ। ਨਿਕਾਹ ਤੋਂ ਪਹਿਲਾਂ ਰਿੰਗ ਸੈਰੇਮਨੀ ਰਾਣੀ ਪੈਲੇਸ ’ਚ ਕੀਤੀ ਗਈ । ਉਸ ਦੇ ਮਾਪਿਆਂ ਨੇ ਨਿਕਾਹ ਤੋਂ ਬਾਅਦ ਲੜਕੇ ਵਾਲਿਆਂ ਨੂੰ ਸੋਨੇ-ਚਾਂਦੀ ਦੇ ਗਹਿਣੇ, ਫਰਨੀਚਰ, ਕੱਪੜੇ ਆਦਿ ਦਾ ਦਾਜ ਦਿੱਤਾ, ਜਦੋਂਕਿ ਫੋਰਡ ਕਾਰ ਤੇ ਫਰਨੀਚਰ ਲਈ 10 ਲੱਖ ਰੁਪਏ ਨਕਦ ਵੱਖਰੇ ਦਿੱਤੇ ਗਏ। ਨਿਕਾਹ ਤੋਂ ਕੁਝ ਦਿਨਾਂ ਬਾਅਦ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਨੇ ਉਸ ਨੂੰ ਹੋਰ ਸੱਤ ਲੱਖ ਰੁਪਏ ਲਿਆਉਣ ਲਈ ਕਿਹਾ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਘਰੋਂ ਕੱਢ ਦਿੱਤਾ। ਹੁਣ ਉਸ ਨੂੰ ਡਾਕ ਦੇ ਜ਼ਰੀਏ ਉਸ ਦੇ ਪਤੀ ਨੇ ਤਲਾਕਨਾਮਾ ਭੇਜ ਦਿੱਤਾ ਹੈ।

ਡੀਐੱਸਪੀ ਮਾਲੇਰਕੋਟਲਾ ਨੇ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਅਦ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਅਰਸ਼ਦ ਖਾਂ ਨੇ ਦੋ ਹੋਰ ਲੋਕਾਂ ਦੀ ਗਵਾਹੀ ਪਵਾ ਕੇ 500 ਰੁਪਏ ਦੇ ਅਸ਼ਟਾਮ ’ਤੇ ਇਕ ਤਲਾਕਨਾਮਾ ਡਾਕ ਦੇ ਜ਼ਰੀਏ ਲੜਕੀ ਦੇ ਘਰ ਭੇਜਿਆ ਹੈ। ਉਸ ਨੂੰ ਪਤਾ ਸੀ ਕਿ ਤਿੰਨ ਤਲਾਕ ਕਾਨੂੰਨੀ ਜੁਰਮ ਹੈ, ਇਸ ਲਈ ਉਸ ਨੇ ਡਾਕ ਦੇ ਜ਼ਰੀਹੇ ਪ੍ਰਕਿਰਿਆ ਨੂੰ ਅੰਜਾਮ ਦਿੱਤਾ। ਪਤੀ, ਸੱਤ ਤੇ ਜੇਠ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲੜਕੀ ਦੇ ਬਿਆਨਾਂ ’ਤੇ ਵੋਮੈਨ ਪੁਲਿਸ ਥਾਣਾ ਮਾਲੇਰਕੋਟਲਾ ਵੱਲੋਂ ਉਸ ਦੇ ਪਤੀ ਅਰਸ਼ਦ ਖਾਂ, ਸੱਸ ਸ਼ਮੀਮ ਨਾਜ਼ ਤੇ ਜੇਠ ਅਮਜ਼ਦ ਖਾਂ ਨਿਵਾਸੀ ਅਜ਼ੀਮਪੁਰਾ ਖ਼ਿਲਾਫ਼ ਆਈਪੀਸੀ ਦੀ ਧਾਰਾ 498 ਏ ਅਤੇ 406 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਤਿੰਨਾਂ ਦੀ ਗ੍ਰਿਫ਼ਤਾਰੀ ਬਾਕੀ ਹੈ।

Posted By: Jagjit Singh