ਪਵਿੱਤਰ ਸਿੰਘ, ਅਮਰਗੜ੍ਹ

ਪੰਜਾਬ ਚ ਜਿਵੇਂ ਜਿਵੇਂ ਠੰਢ ਦਾ ਪ੍ਰਕੋਪ ਵੱਧ ਰਿਹਾ ਤਿਉਂ ਤਿਉਂ ਸ਼ਰਾਬ ਦੇ ਠੇਕਿਆਂ ਉਪਰ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ, ਕਿਉਂਕਿ ਠੰਢ ਤੋਂ ਬਚਣ ਲਈ ਬਹੁਤੇ ਲੋਕਾਂ ਵੱਲੋਂ ਸ਼ਰਾਬ ਦਾ ਸਹਾਰਾ ਲਿਆ ਜਾਂਦਾ ਹੈ । ਪਰ ਅਮਰਗੜ੍ਹ 'ਚ ਹਾਲਤ ਇਸਦੇ ਬਿਲਕੁਲ ਉਲਟ ਬਣੇ ਹੋਏ ਹਨ ਕਿਉਂਕਿ ਅਮਰਗੜ੍ਹ ਚ ਜਿਸ ਪਾਰਟੀ ਗੁਰਮੇਲ ਸਿੰਘ ਐੰਡ ਕੰਪਨੀ ਵੱਲੋਂ ਠੇਕੇ ਲਏ ਗਏ ਹਨ ਉਨਾਂ੍ਹ ਵੱਲੋਂ ਪਿਛਲੇ ਕਈ ਦਿਨਾਂ ਤੋਂ ਅਮਰਗੜ੍ਹ ਦੇ ਪੂਰੇ ਖੇਤਰ ਵਿਚਲੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾ ਰਹੇ ਹਨ ਜਿਸ ਨਾਲ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਇੱਧਰੋੰ-ਉਧਰੋੰ ਕਾਫੀ ਦੂਰੋੰ ਸ਼ਰਾਬ ਖ੍ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦੋਂ ਇਸ ਸਬੰਧੀ ਅਮਰਗੜ੍ਹ ਚ ਸ਼ਰਾਬ ਦੇ ਠੇਕੇਦਾਰ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਇਸ ਦਾ ਕਾਰਨ ਗੋਲ ਮੋਲ ਸ਼ਬਦਾਂ ਵਿੱਚ ਦਿੰਦਿਆਂ ਕਿ ਧੁਰੀ ਖੇਤਰ ਦੇ ਠੇਕਿਆਂ ਦਾ ਚਲਾਣ ਹੋਣ ਕਰਕੇ ਅਮਰਗੜ੍ਹ ਖੇਤਰ ਦੇ ਠੇਕੇ ਬੰਦ ਕੀਤੇ ਗਏ ਹਨ ਜਦਕਿ ਇੱਥੇ ਤਾਇਨਾਤ ਐਕਸਾਈਜ ਮਹਿਕਮੇ ਦੇ ਇੰਸਪੈਕਟਰ ਅਮਨਦੀਪ ਸਿੰਘ ਦਾ ਕਹਿਣਾ ਕਿ ਠੇਕੇਦਾਰਾਂ ਵੱਲੋਂ ਸਰਕਾਰ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਿਸ ਕਰਕੇ ਇਨ੍ਹਾਂ ਦੇ ਅਧਿਕਾਰ ਹੇਠਲੇ ਸਮੁੱਚੇ ਠੇਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੰਦ ਕਰ ਦਿੱਤੇ ਗਏ ਹਨ ਜੋ ਕਿ ਸਰਕਾਰ ਦੀ ਅਦਾਇਗੀ ਹੋਣ ਤੋਂ ਬਾਅਦ ਹੀ ਖੋਲ੍ਹੇ ਜਾ ਸਕਦੇ ਹਨ। ਜਿਸ ਤੋੰ ਜਾਪਦਾ ਹੈ ਕਿ ਨੇੜ ਭਵਿੱਖ ਵਿੱਚ ਵੀ ਅਮਰਗੜ੍ਹ ਵਿਚਲੇ ਠੇਕੇ ਅਜੇ ਖੁੱਲ੍ਹਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ, ਇਸ ਲਈ ਆਲੇ ਦੁਆਲੇ ਦੇ ਠੇਕੇਦਾਰਾਂ ਕੋਲੋਂ ਹੀ ਸ਼ਰਾਬ ਲੈਕੇ ਪੀਣੀ ਪਵੇਗੀ ਅਮਰਗੜ੍ਹ ਦੇ ਪਿਆਕੜਾਂ ਨੂੰ।ਇਸ ਸਬੰਧੀ ਰੋਜ਼ਾਨਾ ਸ਼ਰਾਬ ਪੀਣ ਵਾਲੇ ਕਈ ਸ਼ਰਾਬੀ ਜੋ ਕਿ ਠੇਕੇ ਦੁਆਲੇ ਚੱਕਰ ਮਾਰ ਰਹੇ ਸੀ ਨਾਮ ਨਾ ਛਾਪਣ ਦੀ ਸ਼ਰਤ ਤੇ ਉਨਾਂ੍ਹ ਬੜੇ ਦਰਦ ਭਰੇ ਲਹਿਜੇ ਚ ਕਿਹਾ ਕਿ ਸਾਡੀ ਆਵਾਜ਼ ਮੁੱਖ ਮੰਤਰੀ ਸਾਹਬ ਤੱਕ ਜਲਦੀ ਤੋਂ ਜਲਦੀ ਜਰੂਰ ਪਹੁੰਚਾਓ ਜੀ ਕਿਉਂਕਿ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਕੋਈ ਬਦਲਵਾਂ ਪ੍ਰਬੰਧ ਜਰੂਰ ਕੀਤਾ ਜਾਵੇ ਜਿਨ੍ਹਾਂ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ।