ਸ਼ੰਭੂ ਗੋਇਲ, ਲਹਿਰਾਗਾਗਾ

ਪਿਛਲੇ ਦਿਨੀਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਾਰੇ ਕਰਾਰ ਦਿੱਤੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਲੜੀਵਾਰ ਭੁੱਖ ਹੜਤਾਲ ਜਾਰੀ ਹੈ। ਨਤੀਜਿਆਂ ਵਿੱਚ ਹੋਈ ਹੇਰਾਫੇਰੀ ਦੇ ਦੋਸ਼ ਲਾਉਣ ਦੇ ਸਬੰਧ ਵਿੱਚ ਐੱਸਡੀਐੱਮ ਲਹਿਰਾ ਜੀਵਨਜੋਤ ਕੌਰ ਦਾ ਬੇਸ਼ੱਕ ਚੰਡੀਗੜ੍ਹ ਵਿਖੇ ਤਬਾਦਲਾ ਹੋ ਚੁੱਕਿਆ ਹੈ ਪਰ ਹੜਤਾਲੀ ਵਿਅਕਤੀ, ਲਹਿਰਾ ਵਿਕਾਸ ਮੰਚ ਦੇ ਮੁਖੀ ਵਰਿੰਦਰ ਗੋਇਲ ਅਤੇ ਹੋਰ ਆਗੂ ਐੱਸਡੀਐੱਮ ਦੀ ਬਰਖਾਸਤੀ ਦੀ ਮੰਗ 'ਤੇ ਅੜੇ ਹੋਏ ਹਨ। ਅੱਜ ਭੁੱਖ ਹੜਤਾਲ 'ਤੇ ਬੈਠੇ ਜੋਗਿੰਦਰ ਸਿੰਘ, ਸੁਰਿੰਦਰ ਸਿੰਘ, ਮਨਜੀਤ ਕੌਰ, ਬਲਦੇਵ ਕੌਰ, ਕਰੋੜੀ ਰਾਮ ਅਤੇ ਮਦਨ ਲਾਲ ਨੇ ਦੱਸਿਆ ਕਿ ਰਾਜਨੀਤਕ ਦਬਾਉ ਥੱਲੇ ਆ ਕੇ ਐੱਸਡੀਐੱਮ ਲਹਿਰਾ ਨੇ ਸਾਡੇ ਨਾਲ ਧੱਕਾ ਕਰਦਿਆਂ ਸੁਰਿੰਦਰ ਸਿੰਘ ਅਤੇ ਸੁਰਿੰਦਰ ਕੌਰ ਨੂੰ ਜੇਤੂ ਹੁੰਦਿਆਂ ਹੋਇਆਂ ਵੀ ਹਾਰੇ ਕਰਾਰ ਦੇ ਦਿੱਤਾ। ਜਦੋਂ ਕਿ ਇਨ੍ਹਾਂ ਨੂੰ ਜੇਤੂ ਕਰਾਰ ਦੇਣ ਤੋਂ ਬਾਅਦ ਅਸੀਂ ਇਨ੍ਹਾਂ ਨੂੰ ਹਾਰਾਂ ਨਾਲ ਲੱਦ ਕੇ ਜੇਤੂ ਜਲੂਸ ਵੀ ਕੱਢ ਦਿੱਤਾ। ਜਿਸ ਦੇ ਰੋਸ ਵਜੋਂ ਅੱਜ 'ਲੋਕਤੰਤਰ ਦਾ ਘਾਣ ਕਰਨ ਵਾਲੀ ਐੱਸਡੀਐੱਮ ਨੂੰ ਬਰਖਾਸਤ ਕਰੋ' ਦੇ ਬੈਨਰ ਹੇਠ ਕਾਫ਼ੀ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਾਂ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਤੇ ਐੱਸਡੀਐੱਮ ਜੀਵਨਜੋਤ ਕੌਰ ਨੂੰ ਬਰਖਾਸਤ ਨਹੀਂ ਕੀਤਾ ਹੈ, ਉਦੋਂ ਤੱਕ ਜਾਰੀ ਰਹੇਗੀ।