ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਮੌਹਲੇਧਾਰ ਬਾਰਿਸ਼ ਕਾਰਨ ਚੀਮਾ ਮੰਡੀ ਦੀਆਂ ਕਾਫ਼ੀ ਗਲੀਆਂ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਈਆਂ ਹਨ। ਗਲੀਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਪਣੇ ਘਰਾਂ 'ਚ ਵੜਨਾ ਵੀ ਮੁਸ਼ਕਲ ਹੋ ਗਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਬਹੁਤ ਸਾਰਾ ਪਾਣੀ ਚੀਮਾ ਪਿੰਡ ਦੀਆਂ ਵੱਖ-ਵੱਖ ਗਲੀਆਂ 'ਚ ਖੜ੍ਹਾ ਹੋ ਜਾਂਦਾ ਹੈ ਕਿਉਂਕਿ ਸੀਵਰੇਜ ਮੀਂਹ ਦਾ ਪਾਣੀ ਖਿੱਚਣ ਤੋਂ ਅਸਮਰੱਥ ਹੋ ਜਾਂਦੀ ਹੈ।

ਪਹਿਲਾਂ ਇਹ ਪਾਣੀ ਅਕੈਡਮੀ ਰੋਡ ਤੇ ਪਿੰਡ ਨੂੰ ਜਾਣ ਵਾਲੇ ਮੁੱਖ ਰਸਤੇ 'ਤੇ ਦੁਰਗਾ ਸ਼ਕਤੀ ਮੰਦਰ ਕੋਲ ਖੜ੍ਹਦਾ ਸੀ ਪਰ ਉਥੇ ਸੜਕ ਬਣਨ ਕਾਰਨ ਹੁਣ ਇਸ ਪਾਣੀ ਨੇ ਦਿਸ਼ਾ ਬਦਲ ਲਈ ਹੈ। ਅਕਾਲ ਅਕੈਡਮੀ ਰੋਡ ਤੋਂ ਤੋਲਾਵਾਲ ਨੂੰ ਜਾਣ ਵਾਲੀ ਮੁੱਖ ਮਾਰਗ ਦੇ ਨਾਲ ਪੈਂਦੀਆਂ ਲਗਪਗ ਸਾਰੀਆਂ ਹੀ ਗਲੀਆਂ 'ਚ ਕਾਫ਼ੀ ਪਾਣੀ ਖੜ੍ਹਾ ਦੇਖਣ ਨੂੰ ਮਿਲਿਆ। ਮੀਂਹ ਦਾ ਪਾਣੀ ਖੜ੍ਹਨ ਕਾਰਨ ਲੋਕ ਪਰੇਸ਼ਾਨ ਹਨ। ਸੁਨਾਮ ਮਾਨਸਾ ਮੁੱਖ ਮਾਰਗ ਜੋ ਕਿ ਚੀਮਾ ਮੰਡੀ ਦੇ ਵਿਚਕਾਰੋਂ ਲੰਘਦੀ ਹੈ ਦੇ ਆਲੇ ਦੁਆਲੇ ਵੀ ਦੁਕਾਨਾਂ ਦੇ ਅੱਗੇ ਪਾਣੀ ਖੜ੍ਹਨ ਕਾਰਨ ਜਿੱਥੇ ਰਾਹਗੀਰਾਂ ਨੂੰ ਦਿੱਕਤ ਆਉਂਦੀ ਹੈ, ਉਥੇ ਦੁਕਾਨਦਾਰ ਵੀ ਪਰੇਸ਼ਾਨ ਹਨ।

ਉਨਾਂ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦਾ ਢੁੱਕਵਾਂ ਪ੍ਰਬੰਧ ਕਰਕੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਮੀਂਹ ਪੈਣ ਉਪਰੰਤ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।