ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ :

ਸਫ਼ਾਈ ਸੇਵਕ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਕਿਹਾ ਕਿ ਪੰਜਾਬ ਦੇ ਸਫ਼ਾਈ ਸੇਵਕ ਕੋਵਿਡ-19 ਦੀ ਮਹਾਮਾਰੀ ਦੌਰਾਨ ਸਫ਼ਾਈ ਸੈਨਿਕ ਦੇ ਤੌਰ ਇੱਕ ਝਾੜੂ ਅਤੇ ਬੱਠਲ ਨਾਲ ਹੀ ਕੋਰੋਨਾ ਜਿਹੀ ਭਿਆਨਕ ਬਿਮਾਰੀ ਨਾਲ ਲੜਾਈ ਲੜ ਰਹੇ ਹਨ। ਉਹ ਨਗਰ ਪੰਚਾਇਤ ਦਿੜ੍ਹਬਾ ਵਿਖੇ ਪਾਤੜਾਂ, ਘੱਗਾ, ਮੂਣਕ, ਖ਼ਨੌਰੀ, ਲਹਿਰਾ ਅਤੇ ਹੋਰ ਨਗਰ ਕੌਂਸਲਾਂ ਦੇ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਗੱਲਬਾਤ ਕਰ ਰਹੇ ਸੀ।

ਉਨ੍ਹਾਂ ਕਿਹਾ ਕਿ ਜੋ ਵੀ ਨਗਰ ਪੰਚਾਇਤ, ਨਗਰ ਕੌਂਸਲ ਜਾਂ ਨਗਰ ਨਿਗਮ ਸਫ਼ਾਈ ਸੇਵਕਾਂ ਨਾਲ ਅਨਿਆ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਤਹਿ ਕੀਤੀ ਗਈ ਤਨਖ਼ਾਹ ਵੀ ਨਹੀਂ ਦੇ ਰਹੇ। ਉਨ੍ਹਾਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਜਾਂਚ ਕਰ ਕੇ ਕਾਰਵਾਈ ਲਈ ਸਿਫ਼ਾਰਸ਼ ਕੀਤੀ ਜਾਵੇਗੀ। ਜੋ ਸਫ਼ਾਈ ਸੇਵਕ ਕੱਚੇ ਹਨ ਉਨ੍ਹਾਂ ਨੂੰ ਪੱਕਾ ਕਰਵਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਦੀ ਅਗਵਾਈ ਹੇਠ 5 ਮੰਤਰੀਆਂ ਦਾ ਕਮੇਟੀ ਬਣਾ ਕੇ ਜਲਦੀ ਫ਼ੈਸਲਾ ਲਿਆ ਜਾ ਰਿਹਾ ਹੈ।

ਇਸ ਮੌਕੇ ਕਾਰਜਸਾਧਕ ਅਧਿਕਾਰੀ ਚੰਦਰ ਪ੍ਰਕਾਸ਼ ਵਧਵਾ, ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਨਗਰ ਪੰਚਾਇਤ ਪ੍ਰਧਾਨ ਬਿੱਟੂ ਖ਼ਾਨ, ਮੁੱਖ ਥਾਣਾ ਅਫ਼ਸਰ ਇੰਸਪੈਕਟਰ ਸੁਖਦੀਪ ਸਿੰਘ, ਸਫ਼ਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੁਲੀਆ ਰਾਮ, ਮਾਈ ਬਖਸ਼, ਬਿੰਦਰ ਸਿੰਘ ਸਿੰਧੜਾਂ, ਜੰਟਾ ਸਿੰਘ, ਹਰਚਰਨ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।