ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਮਘਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਵੱਲੋਂ 25 ਅਕਤੂਬਰ ਨੂੰ ਦੁਸਹਿਰੇ ਮੌਕੇ ਕਾਲਾਝਾੜ ਟੋਲ ਪਲਾਜਾ ਅਤੇ ਸ਼ਹਿਰ ਦੇ ਮੁੱਖ ਖੇਡ ਸਟੇਡੀਅਮ ਵਿਖੇ ਰਾਵਣ ਦੀ ਬਜਾਏ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀ.ਜੇ.ਪੀ ਦੀ ਤਿੱਕੜੀ ਦੇ ਆਦਮ ਕੱਦ ਬੁੱਤਾਂ ਨੂੰ ਸਾੜ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਪੰਜਾਬ ਅੰਦਰ ਅਡਾਨੀ ਗਰੁੱਪ ਨੇ ਅਨਾਜ ਖ਼ਰੀਦ ਕੇ ਸਟੋਰ ਕਰਨ ਲਈ ਵੱਡੇ ਗ਼ੁਦਾਮ ਉਸਾਰੇ ਹੋਏ ਹਨ। ਕਾਨੂੰਨ ਪਾਸ ਹੁੰਦਿਆਂ ਹੀ ਇਨ੍ਹਾਂ ਨੂੰ ਹੋਰ ਫ਼ੈਲਾਉਣ ਦੇ ਕਦਮ ਲੈਣੇ ਵੀ ਸ਼ੁਰੂ ਕਰ ਦਿੱਤੇ ਹਨ। ਇੱਥੇ ਸਾਡੀਆਂ ਫ਼ਸਲਾਂ ਨੂੰ ਦਿਨ ਦਿਹਾੜੇ ਲੁੱਟ ਕੇ ਸਟੋਰ ਕੀਤਾ ਜਾਣਾ ਹੈ। ਗ਼ਰੀਬ ਪਰਿਵਾਰਾਂ ਨੂੰ ਅਨਾਜ ਵੰਡਣ ਦੀ ਥਾਂ ਵੱਡੇ ਮੁਨਾਫਿਆਂ ਖਾਤਰ ਇੱਥੋਂ ਦੇਸ਼ਾਂ ਵਿਦੇਸ਼ਾਂ ਨੂੰ ਪਹੁੰਚਾਇਆ ਜਾਣਾ ਹੈ। ਇਨ੍ਹਾਂ ਵੱਡੇ ਪ੍ਰਰਾਈਵੇਟ ਗੋਦਾਮਾਂ ਦੇ ਿਘਰਾਓ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਪੰਜਾਬ ਅੰਦਰ ਖੇਤੀ ਖੇਤਰ ਨੂੰ ਇਉਂ ਹੜੱਪਣ ਨਹੀਂ ਦਿੱਤਾ ਜਾਵੇਗਾ। ਮੋਦੀ ਨੂੰ ਆਪਣੇ ਲੋਕ ਮਾਰੂ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਕਾਰਜਕਾਰੀ ਪ੍ਰਧਾਨ ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਨੇ ਕਿਹਾ ਕਿ ਦੁਸਹਿਰੇ ਮੌਕੇ ਪ੍ਰਦਰਸ਼ਨਾਂ ਲਈ ਪੇਂਡੂ ਜਨਤਾਂ ਤੋਂ ਇਲਾਵਾ ਸ਼ਹਿਰੀ ਜਨਤਾ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਵੀ ਜਥੇਬੰਦੀ ਵੱਲੋਂ ਆਪਣੇ ਅਜ਼ਾਦ ਐਕਸ਼ਨ ਰਾਹੀਂ ਸਫ਼ਲ ਬਣਾਇਆ ਜਾਵੇਗਾ। ਅੱਜ ਧਰਨੇ 'ਤੇ ਕੁੜੀ ਨਵਜੋਤ ਕੌਰ ਚੰਨੋਂ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਈ। ਹੋਰਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

-----